ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਸਮੇਤ ਵੱਡੇ ਆਗੂਆਂ ਦੀ ਸ਼ਮੂਲੀਅਤ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਦਸੰਬਰ
ਪੰਜਾਬ ਸਰਕਾਰ ਵੱਲੋਂ ਅੱਜ ਦਾਣਾ ਮੰਡੀ, ਗੁਰਦਾਸਪੁਰ ਵਿੱਚ ਕ੍ਰਿਸਮਿਸ ਦਿਹਾੜੇ ਨੂੰ ਸਮਰਪਿਤ ਸਟੇਟ ਪੱਧਰੀ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਕੈਬਨਿਟ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਦੋਹਾਂ ਮੰਤਰੀਆਂ ਵੱਲੋਂ ਸਮੂਹ ਇਸਾਈ ਭਾਈਚਾਰੇ ਨੂੰ ਕ੍ਰਿਸਮਿਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਇਕੱਠ ਦੀ ਮਹੱਤਤਾ ਉਤੇ ਜ਼ੋਰ ਦਿੱਤਾ ਗਿਆ।

ਸਮਾਗਮ ਦੌਰਾਨ ਬਾਈਬਲ ਪ੍ਰਚਾਰਕ ਅਪੋਸਟੋਲ ਡਾ. ਅੰਕੁਰ ਯੂਸੁਫ਼ ਨਰੂਲਾ ਵੱਲੋਂ ਵੀ ਹਾਜ਼ਰੀ ਭਰੀ ਗਈ ਅਤੇ ਸੰਗਤ ਨੂੰ ਕ੍ਰਿਸਮਿਸ ਦੀਆੰ ਮੁਬਾਰਕਾਂ ਦੇਂਦਿਆਂ ਪ੍ਰਭੂ ਯਿਸੂ ਮਸੀਹ ਦੇ ਪਿਆਰ, ਅਮਨ ਅਤੇ ਸੇਵਾ ਭਾਵਨਾ ਦੇ ਸੰਦੇਸ਼ ਉਤੇ ਚਾਨਣ ਪਾਇਆ ਗਿਆ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਪ੍ਰਭੂ ਯਿਸੂ ਮਸੀਹ ਨੇ ਮਨੁੱਖਤਾ ਨੂੰ ਸੱਚ, ਦਇਆ, ਮਾਫੀ ਅਤੇ ਆਪਸੀ ਪਿਆਰ ਦੇ ਰਾਹ ‘ਤੇ ਤੁਰਨ ਦਾ ਸੰਦੇਸ਼ ਦਿੱਤਾ ਹੈ। ਕ੍ਰਿਸਮਿਸ ਦਾ ਤਿਉਹਾਰ ਸਾਨੂੰ ਇਕ-ਦੂਜੇ ਨਾਲ ਰਲਮਿਲ ਕੇ ਜੀਣ ਦੀ ਪ੍ਰੇਰਣਾ ਦਿੰਦਾ ਹੈ।”

ਉਸੇ ਤਰ੍ਹਾਂ ਅਮਨ ਅਰੋੜਾ ਨੇ ਕਿਹਾ ਕਿ “ਪੰਜਾਬ ਸਰਕਾਰ ਹਰ ਧਰਮ ਦਾ ਪੂਰਾ ਸਤਿਕਾਰ ਕਰਦੀ ਹੈ। ਗੁਰਦਾਸਪੁਰ ਵਿੱਚ ਪਹਿਲੀ ਵਾਰ ਰਾਜ ਪੱਧਰੀ ਕ੍ਰਿਸਮਿਸ ਸਮਾਗਮ ਦਾ ਆਯੋਜਨ ਮਸੀਹ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਅਤੇ ਅਗਾਮੀ ਸਾਲਾਂ ਵਿੱਚ ਵੀ ਇਹ ਮਨਾਇਆ ਜਾਵੇਗਾ।” ਉਨ੍ਹਾਂ ਨੇ ਵਾਅਦਾ ਕੀਤਾ ਕਿ ਮਸੀਹ ਭਾਈਚਾਰੇ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਤਰਜੀਹ ਦੇ ਕੇ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਜਤਿੰਦਰ ਮਸੀਹ ਗੌਰਵ, ਡੈਨੀਅਲ ਭੱਟੀ, ਜੋਬਨ ਰੰਧਾਵਾ, ਦੀਪਕ ਬਾਲੀ ਅਤੇ ਹੋਰ ਕਈ ਆਗੂਆਂ ਨੇ ਵੀ ਸਮੂਹ ਇਸਾਈ ਭਾਈਚਾਰੇ ਨੂੰ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ। ਸਮਾਗਮ ਦੌਰਾਨ ਗੁਰਦਾਸਪੁਰ, ਬਟਾਲਾ, ਡੇਰਾ ਬਾਬਾ ਨਾਨਕ, ਧਾਰੀਵਾਲ ਅਤੇ ਫਤਿਹਗੜ੍ਹ ਚੂੜੀਆਂ ਵਿੱਚ ਮਸੀਹ ਚੌਂਕ ਬਣਾਉਣ ਦਾ ਐਲਾਨ ਵੀ ਕੀਤਾ ਗਿਆ।

ਵੱਡੇ ਦਿਨ ਦੀ ਖੁਸ਼ੀ ‘ਚ ਕੇਕ ਕੱਟਿਆ ਗਿਆ ਅਤੇ ਸਮਾਜਕ ਸੇਵਾ ਤੇ ਭਾਈਚਾਰੇਕ ਯੋਗਦਾਨ ਲਈ ਵੱਖ-ਵੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਸੰਗਤ ਨੇ ਸ਼ਿਰਕਤ ਕੀਤੀ ਅਤੇ ਪੂਰੇ ਇਲਾਕੇ ਵਿੱਚ ਤਿਉਹਾਰਕ ਰੌਣਕ ਬਣੀ ਰਹੀ।










