ਕਿਸਾਨ ਯੂਨੀਅਨ ਤੇ ਸੀਪੀਐਮਐਲ ਲਿਬਰੇਸ਼ਨ ਵੱਲੋਂ ਕਾਰਵਾਈ ਨਾ ਹੋਣ ਦੀ ਸੂਰਤ ‘ਚ ਡੀਐੱਸਪੀ ਦਫ਼ਤਰ ਅੱਗੇ ਧਰਨਾ ਲਾਉਣ ਦਾ ਐਲਾਨ
ਰੋਜ਼ਾਨਾ ਖ਼ਬਰ
ਹੁਸ਼ਿਆਰਪੁਰ/ਮੁਕੇਰੀਆ, 28 ਦਸੰਬਰ
ਪੰਜਾਬ ਕਿਸਾਨ ਯੂਨੀਅਨ ਅਤੇ ਸੀਪੀਐਮਐਲ ਲਿਬਰੇਸ਼ਨ ਦੇ ਸਾਂਝੇ ਵਫਦ ਵੱਲੋਂ ਪੁਲਿਸ ਕਪਤਾਨ ਮੇਜਰ ਸਿੰਘ ਹੁਸ਼ਿਆਰਪੁਰ ਨੂੰ ਡੀਐਸਪੀ ਮੁਕੇਰੀਆ ਕੁਲਵਿੰਦਰ ਸਿੰਘ ਵਿਰਕ ਵਿਰੁੱਧ ਲਿਖਤੀ ਸ਼ਿਕਾਇਤ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ਦੀ ਜਾਂਚ ਐੱਸਪੀ (ਐਚ) ਨਵਨੀਤ ਕੌਰ ਨੂੰ ਸੌਂਪ ਦਿੱਤੀ ਗਈ ਹੈ।

ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਮਹਾਜਨ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਭਿੰਡਰ ਨੇ ਦੱਸਿਆ ਕਿ 2019 ਵਿੱਚ ਮੁਕੇਰੀਆ ਦੇ ਏਜੰਟ ਵਿਕਾਸ ਵੱਲੋਂ ਚਰਨਜੀਤ ਸਿੰਘ ਭਿੰਡਰ ਦੇ ਪੁੱਤਰ ਬਲਜਿੰਦਰ ਸਿੰਘ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 35 ਲੱਖ ਰੁਪਏ ਲਏ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਅਮਰੀਕਾ ਨਾ ਭੇਜ ਕੇ ਏਜੰਟ ਲਾਪਤਾ ਹੋ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਵਾਰ-ਵਾਰ ਸੰਪਰਕ ਕਰਨ ’ਤੇ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ 22 ਦਸੰਬਰ ਨੂੰ ਬਲਜਿੰਦਰ ਸਿੰਘ ਦੀ ਏਜੰਟ ਨਾਲ ਅਚਾਨਕ ਮੁਲਾਕਾਤ ਹੋਈ ਤਾਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਏਜੰਟ ਵੱਲੋਂ ਕਿਸਤਾਂ ਵਿੱਚ ਪੈਸੇ ਵਾਪਸੀ ਦਾ ਲਿਖਤੀ ਸਮਝੌਤਾ ਕਰਨ ਲਈ ਸਹਿਮਤੀ ਦਿੱਤੀ ਗਈ ਸੀ। ਪਰ ਜਦੋਂ ਇਸ ਨੂੰ ਕਚਹਿਰੀ ਲਿਆਂਦਾ ਗਿਆ ਤਾਂ ਏਜੰਟ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਫੋਨ ਕਰਕੇ ਅਗਵਾ ਕਰਨ ਦਾ ਝੂਠਾ ਦੋਸ਼ ਲਾ ਦਿੱਤਾ ਗਿਆ।
ਵਫਦ ਨੇ ਦੋਸ਼ ਲਾਇਆ ਕਿ ਡੀਐਸਪੀ ਦਫ਼ਤਰ ਪਹੁੰਚਣ ‘ਤੇ ਪੁਲਿਸ ਨੇ ਪੀੜਤਾਂ ਨੂੰ ਹੀ ਧਮਕਾਇਆ ਅਤੇ ਗਾਲ਼ਾਂ ਕੱਢੀਆਂ, ਜਦਕਿ ਠੱਗੀ ਦੇ ਦੋਸ਼ੀ ਏਜੰਟ ਨੂੰ ਕੁਝ ਨਹੀਂ ਕਿਹਾ ਗਿਆ। ਪੀੜਤਾਂ ਦੇ ਮੁਤਾਬਕ ਡੀਐਸਪੀ ਨੇ ਅਗਵਾ ਦਾ ਕੇਸ ਦਰਜ਼ ਕਰਨ ਦੀ ਧਮਕੀ ਤੱਕ ਦਿੱਤੀ।
ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਹੈ ਕਿ ਏਜੰਟ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਇਸ ਦੌਰਾਨ ਹੀ ਮੁਕੇਰੀਆ ਵਿੱਚ ਸੀਪੀਐਮਐਲ ਲਿਬਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਮੀਟਿੰਗ ਕਰਕੇ ਐਲਾਨ ਕੀਤਾ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਡੀਐਸਪੀ ਦੇ ਰਵੱਈਏ ਦੀ ਜਾਂਚ ਨਾ ਕੀਤੀ ਗਈ ਤਾਂ ਡੀਐਸਪੀ ਦਫ਼ਤਰ ਸਾਹਮਣੇ ਧਰਨਾ ਸ਼ੁਰੂ ਕੀਤਾ ਜਾਵੇਗਾ। ਵਫ਼ਦ ਵਿੱਚ ਸ਼ੇਰ ਜੰਗ ਬਹਾਦਰ ਸਿੰਘ, ਤੇਜਿੰਦਰ ਸਿੰਘ ਜੱਟ, ਦਿਲਬਾਗ ਸਿੰਘ, ਚੰਨਣ ਸਿੰਘ ਅਤੇ ਡੇਵਡ ਜੌਨ ਆਦਿ ਸ਼ਾਮਲ ਸਨ।










