ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 27 ਦਸੰਬਰ
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੀ ਰਾਜ ਪੱਧਰੀ ਵਿਰੋਧ ਮੁਹਿੰਮ ਤਹਿਤ ਅੱਜ ਗੁਰਦਾਸਪੁਰ ਦੇ ਜਹਾਜ਼ ਚੌਂਕ ਵਿਖੇ ਨਵੇਂ ਲੇਬਰ ਕੋਡਾਂ ਦਾ ਜ਼ਬਰਦਸਤ ਵਿਰੋਧ ਦਰਜ ਕਰਵਾਇਆ ਗਿਆ। ਇਫਟੂ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ ਅਤੇ ਪੰਜਾਬ ਦੇ ਨਾਲ-ਨਾਲ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਇਫਟੂ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਦਫ਼ਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ, ਜ਼ਿਲ੍ਹਾ ਆਗੂ ਸੁਰਿੰਦਰ ਪਾਲ ਅਤੇ ਜੋਤੀ ਲਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 21 ਨਵੰਬਰ 2025 ਤੋਂ ਲਾਗੂ ਚਾਰ ਲੇਬਰ ਕੋਡ ਮਜ਼ਦੂਰ ਵਰਗ ਦੇ ਬੁਨਿਆਦੀ ਹੱਕਾਂ ‘ਤੇ ਸਿੱਧਾ ਹਮਲਾ ਹਨ। ਆਗੂਆਂ ਅਨੁਸਾਰ ਇਨ੍ਹਾਂ ਕੋਡਾਂ ਨਾਲ 29 ਪੁਰਾਣੇ ਲੇਬਰ ਕਾਨੂੰਨਾਂ ਦੀ ਥਾਂ ਨਵੇਂ ਨਿਯਮ ਲਾਗੂ ਹੋਏ ਹਨ ਜੋ ਯੂਨੀਅਨ ਬਣਾਉਣ, ਹੜਤਾਲ ਦੇ ਅਧਿਕਾਰ, ਰੁਜ਼ਗਾਰ ਸੁਰੱਖਿਆ ਅਤੇ ਸੁਰੱਖਿਆ ਸੰਬੰਧੀ ਕਾਨੂੰਨੀ ਜਵਾਬਦੇਹੀ ਨੂੰ ਕਮਜ਼ੋਰ ਕਰਦੇ ਹਨ।
ਉਹਨਾਂ ਕਿਹਾ ਕਿ ਨਵੇਂ ਕੋਡ ਸਕੀਮ ਵਰਕਰਾਂ, ਗਿਗ ਵਰਕਰਾਂ, ਕੱਚੇ ਤੇ ਆਉਟਸੋਰਸ ਕਰਮਚਾਰੀਆਂ ਦੇ ਹਿੱਤਾਂ ‘ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਸ ਲਈ ਮਜ਼ਦੂਰ ਵਰਗ ਨੂੰ ਇੱਕਜੁੱਟ ਹੋ ਕੇ ਨਵੇਂ ਕਿਰਤ ਕਾਨੂੰਨਾਂ ਦਾ ਕੱਡ਼ੇ ਤੌਰ ‘ਤੇ ਵਿਰੋਧ ਕਰਨ ਦੀ ਲੋੜ ਹੈ ਤਾਂ ਜੋ ਪੁਰਾਣੇ ਕਾਨੂੰਨ ਮੁੜ ਬਹਾਲ ਹੋ ਸਕਣ।

ਵਿਰੋਧ ਪ੍ਰਗਟਾਵੇ ਦੌਰਾਨ ਸੁਰਿੰਦਰ ਪਾਲ ਰਾਮ ਨਗਰ, ਬੋਧਰਾਜ ਬਿੱਟਾ, ਮਾਨ ਕੌਰ ਸਿੰਘ, ਰਜੀਵ ਕੁਮਾਰ ਤੀਜਾ ਨਗਰ, ਮੇਜਰ ਗੁਰਦਾਸਪੁਰ ਨੰਗਲ, ਰਵੀ ਕੁਮਾਰ, ਚੰਦਨ ਵਰਮਾ, ਗੋਬਿੰਦ ਕੁਮਾਰ, ਸਲਵਿੰਦਰ ਸਿੰਘ, ਸੱਸੀ ਕੁਮਾਰ, ਸੋਨਾ, ਸੰਦੀਪ ਕੁਮਾਰ, ਸਾਹਿਬ ਸਿੰਘ, ਬਲਵਿੰਦਰ ਕੁਮਾਰ, ਬਲਦੇਵ ਰਾਜ ਅਤੇ ਭਾਈ ਜੋਗਿੰਦਰ ਸਿੰਘ ਸਮੇਤ ਕਈ ਵਰਕਰ ਹਾਜ਼ਰ ਸਨ।










