ਰੋਜ਼ਾਨਾ ਖ਼ਬਰ
ਪਟਿਆਲਾ, 25 ਦਸੰਬਰ
ਪਟਿਆਲਾ ਨੇੜਲੇ ਪਿੰਡ ਰਾਮਗੜ੍ਹ ਵਿੱਚ ਅੱਜ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਏ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋ ਗਿਆ। ਗੋਲੀ ਮਨਪ੍ਰੀਤ ਮੰਨਾ ਨਾਮਕ ਗੈਂਗਸਟਰ ਦੇ ਪੱਟ ਵਿੱਚ ਲੱਗੀ, ਜਿਨ੍ਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਗੈਂਗਸਟਰ ਦੀ ਪਛਾਣ ਲੱਕੀ ਪਟਿਆਲਾ ਗਰੁੱਪ ਨਾਲ ਸੰਬੰਧਿਤ ਮਨਪ੍ਰੀਤ ਮੰਨਾ ਵਾਸੀ ਕੋਟ ਈਸੇਖਾਂ, ਜ਼ਿਲ੍ਹਾ ਮੋਗਾ ਵਜੋਂ ਕੀਤੀ ਗਈ ਹੈ।
ਇਹ ਮੁਕਾਬਲਾ ਸੀਆਈਏ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਬਾਜਵਾ, ਸੀਆਈਏ ਸਮਾਣਾ ਦੇ ਇੰਚਾਰਜ ਅੰਕਰਦੀਪ ਸਿੰਘ ਅਤੇ ਸੀਆਈਏ ਰਾਜਪੁਰਾ ਦੇ ਇੰਚਾਰਜ ਮਨਪ੍ਰੀਤ ਸਿੰਘ ਦੀਆਂ ਸਾਂਝੀਆਂ ਟੀਮਾਂ ਵੱਲੋਂ ਕੀਤਾ ਗਿਆ।
ਪਟਿਆਲਾ ਦੇ ਐਸ.ਐਸ.ਪੀ. ਬਰਨ ਸ਼ਰਮਾ ਨੇ ਦੱਸਿਆ ਕਿ ਮਨਪ੍ਰੀਤ ਮੰਨਾ ਪਿਛਲੇ ਕੁਝ ਸਮੇਂ ਤੋਂ ਫਰੌਤੀ ਮੰਗਣ, ਫਾਇਰਿੰਗ ਅਤੇ ਧਮਕੀਆਂ ਦੇ ਮਾਮਲਿਆਂ ਵਿੱਚ ਪੁਲਿਸ ਨੂੰ ਚਾਹੀਦਾ ਸੀ। ਹਾਲ ਹੀ ਵਿੱਚ ਉਸਨੇ ਰਾਜਪੁਰਾ ਵਿਖੇ ਭਰਾਵਾਂ ਦੇ ਢਾਬੇ ਤੇ ਫਾਇਰਿੰਗ ਕੀਤੀ ਸੀ ਅਤੇ ਪਾਤੜਾਂ ਇਲਾਕੇ ਦੇ ਇੱਕ ਐਨਆਰਆਈ ਪਰਿਵਾਰ ਤੋਂ ਵੀ ਫਰੌਤੀ ਮੰਗੀ ਸੀ। ਮੰਗ ਨਾ ਮੰਨਣ ’ਤੇ ਉਸਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਸਨ।
ਅੱਜ ਜਦੋਂ ਪੁਲਿਸ ਨੇ ਡਕਾਲਾ ਰੋਡ ਨਾਲ ਲੱਗਦੇ ਪਿੰਡ ਰਾਮਗੜ੍ਹ ਨੇੜੇ ਮਨਪ੍ਰੀਤ ਮੰਨਾ ਨੂੰ ਰੁਕਣ ਲਈ ਕਿਹਾ, ਤਾਂ ਉਸਨੇ ਪੁਲਿਸ ਪਾਰਟੀ ’ਤੇ ਤਿੰਨ-ਚਾਰ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਉਹ ਗੋਲੀਬਾਰੀ ਦੌਰਾਨ ਜ਼ਖਮੀ ਹੋ ਗਿਆ ਅਤੇ ਕਾਬੂ ਆ ਗਿਆ। ਪੁਲਿਸ ਵੱਲੋਂ ਮਾਮਲੇ ਨੂੰ ਲੈ ਕੇ ਵਧੇਰੇ ਕਾਰਵਾਈ ਕੀਤੀ ਜਾ ਰਹੀ ਹੈ।











