ਰੋਜ਼ਾਨਾ ਖ਼ਬਰ
ਚੰਡੀਗੜ੍ਹ, 25 ਦਸੰਬਰ
ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਮਿਲ ਰਹੀ ਹੈ। ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2022 ਤੋਂ ਹੁਣ ਤੱਕ ਪੰਜਾਬ ਨੇ 1.5 ਲੱਖ ਕਰੋੜ ਰੁਪਏ ਦਾ ਨਿਵੇਸ਼ ਖਿੱਚਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਵੱਡੇ ਨਿਵੇਸ਼ ਨਾਲ 5 ਲੱਖ ਤੋਂ ਵੱਧ ਨੌਕਰੀਆਂ ਦੇ ਨਵੇਂ ਮੌਕੇ ਤਿਆਰ ਹੋਏ ਹਨ, ਜਿਸ ਨਾਲ ਸੂਬੇ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੀ ਹੈ।
ਮੰਤਰੀ ਅਨੁਸਾਰ, ਇਹ ਅੰਕੜੇ ਸਾਬਤ ਕਰਦੇ ਹਨ ਕਿ ਸਰਕਾਰ ਦੀਆਂ ਉਦਯੋਗ-ਮਿਤਰ ਨੀਤੀਆਂ ਦੇ ਕਾਰਨ ਪੰਜਾਬ ਹੁਣ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਲਈ ਪਹਿਲੀ ਪਸੰਦ ਵਜੋਂ ਉਭਰ ਰਿਹਾ ਹੈ। ਪਿਛਲੇ ਪੰਜ ਮਹੀਨਿਆਂ ਦੌਰਾਨ ਕਈ ਵੱਡੀਆਂ ਕੰਪਨੀਆਂ ਵੱਲੋਂ ਨਿਵੇਸ਼ ਲਈ ਵਚਨਬੱਧਤਾ ਹੋਈ ਹੈ, ਜਿਸ ਵਿੱਚ ਮੁੱਖ ਤੌਰ ’ਤੇ ਐਚਪੀਸੀਐਲ ਮਿੱਤਲ ਐਨਰਜੀ (2,600 ਕਰੋੜ), ਵਰਧਮਾਨ ਸਟੀਲਜ਼ (3,000 ਕਰੋੜ), ਟ੍ਰਾਈਡੈਂਟ ਗਰੁੱਪ (2,000 ਕਰੋੜ) ਵਰਗੇ ਨਾਮ ਸ਼ਾਮਲ ਹਨ।
ਇਸ ਤੋਂ ਇਲਾਵਾ ਆਈਓਐਲ ਕੈਮੀਕਲਜ਼ (1,400 ਕਰੋੜ), ਹੈਪੀ ਫੋਰਜਿੰਗਜ਼ (1,000 ਕਰੋੜ), ਵੀਰਕਾ ਬੇਵਰੇਜਿਜ਼ (987 ਕਰੋੜ), ਫੋਰਟਿਸ ਹੈਲਥਕੇਅਰ – ਮੋਹਾਲੀ (900 ਕਰੋੜ), ਅੰਬਰ ਐਂਟਰਪ੍ਰਾਈਜ਼ਿਜ਼ (500 ਕਰੋੜ), ਇੰਫੋਸਿਸ (285 ਕਰੋੜ) ਅਤੇ ਟੋਪਨ ਸਪੈਸ਼ਲਿਟੀ ਫਿਲਮਜ਼ (300-400 ਕਰੋੜ) ਵੱਲੋਂ ਵੀ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਜਾ ਰਿਹਾ ਹੈ।
ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਛੇਵਾਂ ‘ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ’ ਆਉਣ ਵਾਲੇ ਸਾਲ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿੱਚ ਕਰਵਾਇਆ ਜਾਵੇਗਾ, ਜਿਸ ਨਾਲ ਹੋਰ ਨਵੇਂ ਨਿਵੇਸ਼ ਅਤੇ ਉਦਯੋਗਿਕ ਮੌਕੇ ਸਿਰਜਣ ਦੀ ਉਮੀਦ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਜਪਾਨ ਅਤੇ ਦੱਖਣੀ ਕੋਰੀਆ ਦੇ ਹਾਲੀਆ ਸਰਕਾਰੀ ਦੌਰੇ ਬਹੁਤ ਫਲਦਾਇਕ ਸਾਬਤ ਹੋਏ ਹਨ ਅਤੇ ਨਿਕਟ ਭਵਿੱਖ ਵਿੱਚ ਪੰਜਾਬ ਵਿੱਚ ਵੱਡਾ ਵਿਦੇਸ਼ੀ ਨਿਵੇਸ਼ ਆਉਣ ਦੀ ਸੰਭਾਵਨਾ ਪ੍ਰਬਲ ਹੋਈ ਹੈ।










