Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 20 ਦਸੰਬਰ
ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਦੋ ਮੈਗਾ ਰੈਜ਼ੀਡੈਂਸ਼ੀਅਲ ਵਿੰਟਰ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫਸਰ ਸ. ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਪਹਿਲਾ ਵਿੰਟਰ ਕੈਂਪ 10+2 ਜਮਾਤ ਦੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਲਈ ਮੈਰੀਟੋਰਿਅਸ ਸਕੂਲ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ, ਜਦਕਿ ਦੂਸਰਾ ਵਿੰਟਰ ਕੈਂਪ 10+1 ਜਮਾਤ ਦੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਲਈ ਮੈਰੀਟੋਰਿਅਸ ਸਕੂਲ ਲੁਧਿਆਣਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੰਟਰ ਕੈਂਪਾਂ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ, ਜਿਵੇਂ ਕਿ ਜੇ.ਈ.ਈ. ਅਤੇ ਨੀਟ ਆਦਿ ਲਈ ਤਿਆਰ ਕਰਨਾ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਪਰਮਜੀਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਤਿੰਨ ਸਕੂਲ ਆਫ ਐਮੀਨੈਂਸ—ਬਟਾਲਾ, ਗੁਰਦਾਸਪੁਰ ਅਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ—ਤੋਂ ਕੁੱਲ 16 ਵਿਦਿਆਰਥੀਆਂ ਨੂੰ ਬਠਿੰਡਾ ਅਤੇ 20 ਵਿਦਿਆਰਥੀਆਂ ਨੂੰ ਲੁਧਿਆਣਾ ਲਈ ਜ਼ਿਲ੍ਹਾ ਨੋਡਲ ਅਫਸਰ ਸ: ਅਮਰਜੀਤ ਸਿੰਘ ਪੁਰੇਵਾਲ ਦੀ ਯੋਗ ਅਗਵਾਈ ਹੇਠ ਰਵਾਨਾ ਕੀਤਾ ਗਿਆ।
ਸ: ਪੁਰੇਵਾਲ ਨੇ ਅੱਗੇ ਦੱਸਿਆ ਕਿ ਇਹ ਦੋਨੋਂ ਵਿੰਟਰ ਕੈਂਪ 15 ਦਿਨਾਂ ਲਈ ਹੋਣਗੇ ਜੋ 31 ਦਸੰਬਰ 2025 ਤੱਕ ਚੱਲਣਗੇ। ਕੈਂਪ ਦੌਰਾਨ ਵਿਦਿਆਰਥੀਆਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਆਵਾਜਾਈ ਆਦਿ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਣਗੇ। ਇਸ ਦੇ ਨਾਲ ਹੀ ਉੱਚ ਪੱਧਰੀ ਅਤੇ ਪ੍ਰਸਿੱਧ ਸੰਸਥਾਵਾਂ ਦੇ ਤਜਰਬੇਕਾਰ ਫੈਕਲਟੀ ਮੈਂਬਰਾਂ ਵੱਲੋਂ ਜੇ.ਈ.ਈ./ਨੀਟ ਦੀ ਵਿਸ਼ੇਸ਼ ਕੋਚਿੰਗ ਦਿੱਤੀ ਜਾਵੇਗੀ, ਜਿਸ ਨਾਲ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਕੇ ਉੱਚਕੋਟੀ ਦੀਆਂ ਸੰਸਥਾਵਾਂ ਵਿੱਚ ਦਾਖਲਾ ਲੈ ਸਕਣਗੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਪਰਮਜੀਤ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਪੂਰੀ ਲਗਨ ਨਾਲ ਕੈਂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਅਵਸਰ ‘ਤੇ ਸਕੂਲ ਇੰਚਾਰਜ ਸੰਜੀਵ ਢੀਂਗਰਾ, ਜਸਬੀਰ ਕੌਰ, ਹਰਭਿੰਦਰ ਕੌਰ, ਰਾਜੇਸ਼ ਕੁਮਾਰ, ਸਰਬਜੀਤ ਕੌਰ, ਹਰਵਿੰਦਰ ਸਿੰਘ, ਸੁਖਜਿੰਦਰ ਸਿੰਘ ਸਮੇਤ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਹਾਜ਼ਰ ਸਨ।

ਕੈਪਸ਼ਨ: ਵਿੰਟਰ ਕੈਂਪ ਲਈ ਵਿਦਿਆਰਥੀਆਂ ਨੂੰ ਰਵਾਨਾ ਕਰਦੇ ਹੋਏ ਜ਼ਿਲ੍ਹਾ ਨੋਡਲ ਅਫਸਰ ਸ: ਅਮਰਜੀਤ ਸਿੰਘ ਪੁਰੇਵਾਲ ਅਤੇ ਹੋਰ ਸਾਥੀ।


Share & like

Leave a Reply