ਭਵਿੱਖ ਵਿੱਚ ਅਧਿਆਪਕਾਂ ਦੀ ਡਿਊਟੀ ਰਿਹਾਇਸ਼ ਜਾਂ ਵਰਕਿੰਗ ਬਲਾਕ ਵਿੱਚ ਲਗਾਉਣ ਦੀ ਮੰਗ
ਰੋਜ਼ਾਨਾ ਖ਼ਬਰ
ਗੁਰਦਾਸਪੁਰ, 16 ਦਸੰਬਰ
ਚੋਣਾਂ ਦੌਰਾਨ ਮਾੜੇ ਪ੍ਰਬੰਧਾਂ ਕਾਰਨ ਵਾਪਰੀਆਂ ਦੁਖਦਾਈ ਘਟਨਾਵਾਂ ਦੇ ਖ਼ਿਲਾਫ਼ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਸਖ਼ਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਦੀ ਅਰਥੀ ਫੂਕੀ ਗਈ। ਚੋਣ ਡਿਊਟੀ ਨਿਭਾਉਂਦੇ ਸਮੇਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠੇ ਅਧਿਆਪਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਭਿਆਨਕ ਮੌਤ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ 2-2 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ। ਨਾਲ ਹੀ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਰਚਾ ਸਰਕਾਰ ਵੱਲੋਂ ਭਰਿਆ ਜਾਵੇ ਅਤੇ ਬੱਚਿਆਂ ਦੇ ਬਾਲਗ ਹੋਣ ‘ਤੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ।
ਆਗੂਆਂ ਨੇ ਮੂਨਕ ਵਿਖੇ ਹਾਦਸੇ ਵਿੱਚ ਜ਼ਖ਼ਮੀ ਹੋਈ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਅਤੇ ਉਸਦੇ ਪਤੀ ਦੇ ਇਲਾਜ ਦਾ ਸਾਰਾ ਖਰਚਾ ਸਰਕਾਰੀ ਤੌਰ ‘ਤੇ ਕਰਵਾਉਣ ਅਤੇ 20 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਹੋਰ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਅਧਿਆਪਕਾਂ ਦਾ ਇਲਾਜ ਪੂਰੀ ਤਰ੍ਹਾਂ ਸਰਕਾਰੀ ਖਰਚ ‘ਤੇ ਕਰਵਾਉਣ ਦੀ ਮੰਗ ਕੀਤੀ ਗਈ।
ਰੋਸ ਪ੍ਰਦਰਸ਼ਨਕਾਰੀਆਂ ਨੇ ਚੋਣਾਂ ਦੌਰਾਨ ਅਧਿਆਪਕਾਂ ‘ਤੇ ਦਰਜ ਜਾਂ ਸਿਫ਼ਾਰਸ਼ ਕੀਤੀਆਂ ਐਫ਼.ਆਈ.ਆਰਾਂ ਤੁਰੰਤ ਰੱਦ ਕਰਨ, ਬੀ.ਐਲ.ਓਜ਼ ਨੂੰ ਚੋਣ ਡਿਊਟੀਆਂ ਤੋਂ ਛੋਟ ਦੇਣ ਅਤੇ ਭਵਿੱਖ ਵਿੱਚ ਸਾਰੇ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੀ ਰਿਹਾਇਸ਼ ਜਾਂ ਵਰਕਿੰਗ ਬਲਾਕ ਵਿੱਚ ਹੀ ਲਗਾਉਣ ਦੀ ਪੱਕੀ ਮੰਗ ਰੱਖੀ।

ਇਸ ਮੌਕੇ ਕੁਲਦੀਪ ਪੂਰੋਵਾਲ, ਜੋਤ ਪ੍ਰਕਾਸ਼ ਸਿੰਘ, ਸਰਬਜੀਤ ਸਿੰਘ, ਗੁਰਮੁਖ ਸਿੰਘ, ਸੋਮ ਸਿੰਘ, ਰਵਿੰਦਰਜੀਤ ਪਨੂੰ, ਓਂਕਾਰ ਸਿੰਘ, ਗਗਨਦੀਪ, ਪਲਵਿੰਦਰ ਸਿੰਘ, ਸਾਹਿਬ ਸਿੰਘ, ਬਲਵਿੰਦਰ ਕੌਰ, ਅਨੁਭਵ ਗੁਪਤਾ, ਸਲਵਿੰਦਰ, ਮਨਜੀਤ ਕਲਾਨੌਰ, ਦਿਲਬਾਗ ਸਿੰਘ, ਪਰਵਿੰਦਰ ਸਿੰਘ, ਇੰਦਰਜੀਤ, ਦਿਲਦਾਰ ਭੰਡਾਲ, ਤਜਿੰਦਰ ਸ਼ਾਹ, ਚੇਤਨ ਮਹਾਜਨ, ਸਰਬਜੀਤ ਔਲਖ, ਅਵਤਾਰ ਸਿੰਘ ਖਹਿਰਾ, ਜਗਦੇਵ ਬੱਲ, ਹਰਜੀਤ ਸਿੰਘ, ਪ੍ਰਭ, ਅਮਰਜੋਤ ਸਿੰਘ, ਜਸਬੀਰ ਸਿੰਘ, ਰਮਨ ਕੁਮਾਰ, ਪਵਨ ਕੁਮਾਰ, ਗੁਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰਦੀਪ ਕੁਮਾਰ, ਪ੍ਰਿਤਪਾਲ ਸਿੰਘ, ਕਰਨੈਲ ਚਿੱਟੀ, ਸਾਹਿਬ ਸਿੰਘ ਅਤੇ ਸੁਖਵਿੰਦਰ ਕੁਮਾਰ ਸਮੇਤ ਹੋਰ ਅਧਿਆਪਕ ਆਗੂ ਹਾਜ਼ਰ ਸਨ।










