ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 17 ਦਸੰਬਰ
ਸਕੂਲ ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸਮਰੱਥ 3.0 ਤਹਿਤ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਦੀ ਪਹਿਚਾਣ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਨ ਲਈ ਨੈਸ਼ਨਲ ਗਣਿਤ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਤਹਿਤ 23 ਦਸੰਬਰ 2025 ਨੂੰ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਸਕੂਲਾਂ ਵਿੱਚੋਂ Emerging Academic School, High Performance School ਅਤੇ Exemplary Academic Excel ਸ਼੍ਰੇਣੀਆਂ ਅਧੀਨ ਪਹਿਲੇ ਅਤੇ ਦੂਜੇ ਪੜਾਅ ਲਈ ਪੋਰਟਲ ਰਾਹੀਂ ਨਾਮਜ਼ਦ ਕੀਤੇ ਗਏ ਅਤੇ ਚੁਣੇ ਗਏ ਸਕੂਲਾਂ ਦੇ ਮੁੱਖੀ ਅਤੇ ਸੰਬੰਧਿਤ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ/ਸੈਕੰਡਰੀ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਵੱਲੋਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਕੇ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਤੈਅ ਕੀਤੇ ਮਾਪਦੰਡਾਂ ਅਤੇ ਪ੍ਰਕਿਰਿਆ ਅਨੁਸਾਰ ਚੁਣੇ ਗਏ ਸਕੂਲਾਂ ਦੇ ਮੁੱਖੀ ਅਤੇ ਜਮਾਤ ਅਧਿਆਪਕਾਂ ਨੂੰ 23 ਦਸੰਬਰ 2025 ਨੂੰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ ਵਿਖੇ ਨੈਸ਼ਨਲ ਗਣਿਤ ਦਿਵਸ ਦੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।
ਇਸ ਸਬੰਧੀ ਸਮੂਹ ਬੀਪੀਈਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰੋਤਸਾਹਨ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਨਾਲ ਨੱਥੀ ਸੂਚੀ ਅਨੁਸਾਰ ਚੁਣੇ ਗਏ ਅਧਿਆਪਕਾਂ ਦੀ ਹਾਜ਼ਰੀ ਪੱਕੀ ਕਰਵਾਉਣ। ਇਸ ਤੋਂ ਇਲਾਵਾ ਬੀਆਰਸੀ ਅਤੇ ਸੈਮੀਨਾਰ (ਪ੍ਰੀ-ਪ੍ਰਾਇਮਰੀ/ਪਹਿਲੀ-ਦੂਸਰੀ) ਲਗਾਉਣ ਵਾਲੇ ਰਿਸੋਰਸ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਪ੍ਰੋਤਸਾਹਿਤ ਕੀਤਾ ਜਾਵੇਗਾ।
















