Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 16 ਦਸੰਬਰ
Central Square Foundation ਦਿੱਲੀ ਦੇ
ਪ੍ਰੋਜੈਕਟ ਮੈਨੇਜਰ ਸਨੇਹ ਅੰਕਿਤਾ ਵੱਲੋਂ ਮਿਸ਼ਨ ਸਮਰੱਥ 3.0 ਅਧੀਨ ਵਿਲੱਖਣ ਕਾਰਗੁਜ਼ਾਰੀ ਦਰਜ ਕਰਨ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਚੁਣੇ ਹੋਏ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਸਕੂਲਾਂ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਸਕੂਲਾਂ ਵਿੱਚ ਅਧਿਆਪਕਾਂ ਨਾਲ ਮੁਲਾਕਾਤ ਕਰਕੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ, ਅਪਣਾਈਆਂ ਗਈਆਂ ਨਵੀਂਆਂ ਤਕਨੀਕਾਂ ਅਤੇ ਵਿਦਿਆਰਥੀਆਂ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਵਾਲੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।

ਪ੍ਰੋਜੈਕਟ ਮੈਨੇਜ ਸਨੇਹ ਅੰਕਿਤਾ ਨੇ ਕਲਾਸਰੂਮ ਵਿੱਚ ਚੱਲ ਰਹੀ ਪੜ੍ਹਾਈ ਦਾ ਨਿਰੀਖਣ ਕਰਦਿਆਂ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਪੱਧਰ ’ਤੇ ਕੀਤੇ ਜਾ ਰਹੇ ਨਵੇਂ ਤਜਰਬੇ ਅਤੇ ਰਣਨੀਤੀਆਂ ਸਿੱਖਿਆ ਦੇ ਮਿਆਰ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸਮਰੱਥ ਤਹਿਤ ਸੂਬੇ ਭਰ ਦੇ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਸਕੂਲਾਂ ਤੋਂ ਵਲੰਟੀਅਰ ਤੌਰ ’ਤੇ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਇਸ ਦੌਰਾਨ ਅਪਰ-ਪ੍ਰਾਇਮਰੀ ਸਕੂਲਾਂ ਤੋਂ 925 ਅਤੇ ਪ੍ਰਾਇਮਰੀ ਸਕੂਲਾਂ ਤੋਂ 940 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਬਕਾਇਦਾ ਮੁਲਾਂਕਣ ਪ੍ਰਕਿਰਿਆ ਉਪਰੰਤ ਸਕੂਲਾਂ ਦੀ ਚੋਣ ਕੀਤੀ ਗਈ।

ਮਿਸ਼ਨ ਸਮਰੱਥ ਅਧੀਨ ਮੁਲਾਂਕਣ ਲਈ ਤਿੰਨ ਸ਼੍ਰੇਣੀਆਂ Exemplary Academic School, High Performance School ਅਤੇ Emerging Academic School ਨਿਰਧਾਰਤ ਕੀਤੀਆਂ ਸਨ। ਪਹਿਲੀ ਸ਼੍ਰੇਣੀ ਵਿੱਚ ਅਪਰ-ਪ੍ਰਾਇਮਰੀ ਸਕੂਲਾਂ ਲਈ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿੱਚ 80 ਫੀਸਦੀ ਤੋਂ ਵੱਧ ਅਤੇ ਪ੍ਰਾਇਮਰੀ ਸਕੂਲਾਂ ਲਈ 70 ਫੀਸਦੀ ਤੋਂ ਵੱਧ ਨਤੀਜਾ ਮਾਪਦੰਡ ਰੱਖਿਆ ਗਿਆ ਸੀ। ਦੂਜੀ ਸ਼੍ਰੇਣੀ ਵਿੱਚ ਪੰਜਾਬੀ ਅਤੇ ਗਣਿਤ, ਜਦਕਿ ਤੀਜੀ ਸ਼੍ਰੇਣੀ ਵਿੱਚ ਕੇਵਲ ਪੰਜਾਬੀ ਵਿਸ਼ੇ ਨੂੰ ਆਧਾਰ ਬਣਾਇਆ ਗਿਆ।

ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਵਿੰਗ ਦੇ ਦੋ-ਦੋ ਸਕੂਲਾਂ ਦੀ ਚੋਣ ਹੋਈ, ਜਿਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ (ਬਲਾਕ ਦੀਨਾਨਗਰ-2), ਸਰਕਾਰੀ ਪ੍ਰਾਇਮਰੀ ਸਕੂਲ ਬਜ਼ੁਰਗਵਾਲ (ਬਲਾਕ ਧਾਰੀਵਾਲ), ਸਰਕਾਰੀ ਹਾਈ ਸਕੂਲ ਕੁੰਡੇ ਕੇਸਲ (ਬਲਾਕ ਦੀਨਾਨਗਰ-1) ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ (ਬਲਾਕ ਕਾਹਨੂੰਵਾਨ-2) ਸ਼ਾਮਲ ਹਨ।
ਇਨ੍ਹਾਂ ਸਫ਼ਲ ਸਕੂਲਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ, ਚੰਡੀਗੜ੍ਹ ਦੇ ਡੀਜੀਐੱਸਈ ਕਾਨਫਰੰਸ ਹਾਲ ਵਿੱਚ ਆਯੋਜਿਤ ਸਟੇਟ ਪੱਧਰੀ ਸਨਮਾਨ ਸਮਾਰੋਹ ਕਮ ਵਰਕਸ਼ਾਪ ਦੌਰਾਨ SCERT ਦੀ ਡਾਇਰੈਕਟਰ ਸ੍ਰੀਮਤੀ ਕਿਰਨ ਸ਼ਰਮਾ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਸ੍ਰੀ ਅਨੁਰਾਗ ਕੁੰਦੋ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

ਇਸੇ ਲੜੀ ਤਹਿਤ ਚੁਣੇ ਹੋਏ ਸਕੂਲਾਂ ਦੇ ਵਿਸ਼ੇਸ਼ ਦੌਰੇ ਕੀਤੇ ਜਾ ਰਹੇ ਹਨ। ਅੱਜ Central Square Foundation ਦੇ ਪ੍ਰੋਜੈਕਟ ਮੈਨੇਜਰ ਸਨੇਹ ਅੰਕਿਤਾ ਨੇ ਸਭ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਬਜ਼ੁਰਗਵਾਲ ਅਤੇ ਫਿਰ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ, ਸਰਕਾਰੀ ਹਾਈ ਸਕੂਲ ਕੁੰਡੇ ਕੇਸਲ ਅਤੇ ਸਰਕਾਰੀ ਹਾਈ ਸਕੂਲ ਭੱਟੀਆਂ ਦਾ ਦੌਰਾ ਕੀਤਾ। ਇਸ ਮੌਕੇ ਅਪਰ-ਪ੍ਰਾਇਮਰੀ ਦੇ ਡੀਆਰਸੀ ਸ੍ਰੀ ਅਸ਼ੋਕ ਕੁਮਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।

ਦੌਰੇ ਦੇ ਅੰਤ ਵਿੱਚ ਮੈਡਮ ਸਨੇਹ ਅੰਕਿਤਾ ਨੇ ਸਕੂਲਾਂ ਦੀ ਕੁੱਲ ਕਾਰਗੁਜ਼ਾਰੀ ’ਤੇ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਮਿਸ਼ਨ ਸਮਰੱਥ ਵਰਗੇ ਉਪਰਾਲੇ ਸਰਕਾਰੀ ਸਕੂਲਾਂ ਵਿੱਚ ਗੁਣਵੱਤਾ ਭਰੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋ ਰਹੇ ਹਨ। ਇਸ ਮੌਕੇ ਸੀਐੱਚਟੀ ਰੇਨੂ ਬਾਲਾ ਵੀ ਹਾਜ਼ਰ ਸਨ।


Share & like

Leave a Reply