ਰੋਜ਼ਾਨਾ ਖ਼ਬਰ
ਪਟਿਆਲਾ, 9 ਦਸੰਬਰ
ਕਾਂਗਰਸ ਦੀ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ, ਜੋ ਹਾਲ ਹੀ ਵਿੱਚ ਪਾਰਟੀ ਵੱਲੋਂ ਮੁਅੱਤਲ ਕੀਤੀ ਗਈ ਸੀ, ਨੇ ਅੱਜ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਉਹ ਚੋਰਾਂ ਦਾ ਸਾਥ ਨਹੀਂ ਦੇਣਗੇ ਅਤੇ ਨਾ ਹੀ ਭ੍ਰਿਸ਼ਟ ਤੱਤਾਂ ਨਾਲ ਕਿਸੇ ਵੀ ਹਾਲਤ ਵਿੱਚ ਸਮਝੌਤਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਾਈ ਕਮਾਂਡ ਨਾਲ ਗੱਲਬਾਤ ਕਰ ਰਹੀ ਹੈ ਪਰ ਇਹ ਗੱਲਬਾਤ ਤਦੋਂ ਹੀ ਅੱਗੇ ਵਧ ਸਕਦੀ ਹੈ ਜਦੋਂ ਪਾਰਟੀ ਉਹਨਾਂ ਲੋਕਾਂ ਨੂੰ ਪਾਸੇ ਕਰੇ ਜੋ ਕਾਂਗਰਸ ਨੂੰ ਬਰਬਾਦ ਕਰ ਰਹੇ ਹਨ।
ਉਨ੍ਹਾਂ ਖੁੱਲ੍ਹਾ ਐਲਾਨ ਕੀਤਾ ਕਿ “ਮੈਂ ਹਾਈ ਕਮਾਂਡ ਨਾਲ ਗੱਲਬਾਤ ਕਰ ਰਹੀ ਹਾਂ ਪਰ ਮੇਰੀ ਇੱਕ ਹੀ ਸ਼ਰਤ ਹੈ… ਮੈਂ ਚੋਰਾਂ ਦਾ ਸਮਰਥਨ ਨਹੀਂ ਕਰਾਂਗੀ। ਕਾਂਗਰਸ ਨੂੰ ਕਮਜ਼ੋਰ ਕਰਨ ਵਾਲੇ 4-5 ਲੋਕ ਜੇ ਪਾਸੇ ਹੋ ਜਾਣ, ਤਾਂ ਹੀ ਮੈਂ ਪਾਰਟੀ ਲਈ ਕੰਮ ਕਰਨ ਬਾਰੇ ਸੋਚ ਸਕਦੀ ਹਾਂ।”
ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਉਹ ਪੰਜਾਬ ਦੇ ਰਾਜਪਾਲ ਨੂੰ ਮਿਲਣ ਗਈ ਸੀ ਤਾਂ ਉਨ੍ਹਾਂ ਦੇ ਮੁੱਦੇ ਨੂੰ ਮੀਡੀਆ ਵੱਲੋਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਅਨੁਸਾਰ, ਕੁਝ ਤਾਕਤਵਰ ਲੋਕ, ਜਿਨ੍ਹਾਂ ਦੇ ਸ਼ਿਵਾਲਿਕ ਪਹਾੜੀ ਖੇਤਰ ਵਿੱਚ ਲਗਭਗ 10,000 ਏਕੜ ਜ਼ਮੀਨ ਹੈ, ਉਹ ਇਸ ਜ਼ਮੀਨ ਨੂੰ ਕਾਨੂੰਨੀ ਬਣਾਉਣ ਦੀ ਕੋਸ਼ਿਸ਼ ਵਿੱਚ ਹਨ ਅਤੇ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਸਹਿਯੋਗ ਲਿਆ ਜਾ ਰਿਹਾ ਹੈ। ਨਵਜੋਤ ਕੌਰ ਨੇ ਇਸ ਧੋਖੇਬਾਜ਼ੀ ਦੇ ਵਿਰੋਧ ਵਿੱਚ ਖੜ੍ਹੇ ਰਹਿਣ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਰੋੜਾਂ ਰੁਪਏ ਦੀ ਜਾਇਦਾਦ ਰੱਖਣ ਵਾਲੇ ਕੁਝ ਲੋਕਾਂ ਦੇ ਕਾਲੇ ਕਾਰਨਾਮੇ ਜਦੋਂ ਮੈਂ ਸਾਹਮਣੇ ਰੱਖੇ ਤਾਂ ਹਰ ਕੋਈ ਬੇਚੈਨ ਹੋ ਗਿਆ। ਮੈਂ ਇਹ ਸੱਚ ਛੁਪਾਉਣ ਨਹੀਂ ਦੇਵਾਂਗੀ।”
ਉਨ੍ਹਾਂ ਕਿਹਾ ਕਿ ਉਹ ਇਹ ਸਾਰੇ ਮੁੱਦੇ ਰਾਹੁਲ ਗਾਂਧੀ ਸਾਹਮਣੇ ਰੱਖਣਾ ਚਾਹੁੰਦੀ ਸੀ, ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰਾਜਪਾਲ ਨਾਲ ਮੁਲਾਕਾਤ ਦਾ ਸਮਾਂ ਮਿਲ ਗਿਆ। ਉਨ੍ਹਾਂ ਕਿਹਾ ਮੈਨੂੰ ਉਡੀਕ ਸੀ ਕਿ ਰਾਹੁਲ ਜੀ ਇਹ ਸੱਚ ਸੁਣ ਕੇ ‘ਹੀਰੋ’ ਬਣਨਗੇ ਅਤੇ ਪੰਜਾਬ ਦੀ ਜਿੱਤ ਲਈ ਖੜ੍ਹੇ ਹੋਣਗੇ। ਪਰ ਉਨ੍ਹਾਂ ਨੂੰ ਆਲੇ–ਦੁਆਲੇ ਦੇ ਲੋਕਾਂ ਵੱਲੋਂ ਭ੍ਰਮਿਤ ਕੀਤਾ ਗਿਆ ਜਿਸ ਕਾਰਨ ਦੇਰੀ ਹੋ ਗਈ।
ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਭੇਜੇ ਨੋਟਿਸ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਉਨ੍ਹਾਂ ਬੇਬਾਕ ਹਮਲਾ ਬੋਲਿਆ ਅਤੇ ਕਿਹਾ ਕਿ ਜਿਹੜਾ ਆਪਣੀ ਪਤਨੀ ਦੀ ਜਿੱਤ ਤੱਕ ਯਕੀਨੀ ਨਹੀਂ ਕਰਵਾ ਸਕਿਆ, ਉਹ ਮੈਨੂੰ ਨੋਟਿਸ ਭੇਜ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਜਸਥਾਨ ਵਿੱਚ ਕਰੋੜਾਂ ਰੁਪਏ ਦੇ ਖੁੱਲ੍ਹੇ–ਆਮ ਟਿਕਟ ਵੇਚੇ ਗਏ ਇਸ ਦੇ ਸਬੂਤ ਹਾਈ ਕਮਾਂਡ ਨੂੰ ਭੇਜੇ ਹਨ।
ਨਵਜੋਤ ਕੌਰ ਸਿੱਧੂ ਨੇ ਇਹ ਵੀ ਦਾਅਵਾ ਕੀਤਾ ਕਿ
ਏ.ਆਈ.ਸੀ.ਸੀ. (AICC) ਉਨ੍ਹਾਂ ਦਾ ਪੂਰਾ ਸਮਰਥਨ ਕਰਦੀ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ 70 ਫੀਸਦੀ ਹਿੱਸਾ ਉਨ੍ਹਾਂ ਦੇ ਨਾਲ ਹੈ। ਵੱਡੇ ਕਾਂਗਰਸੀ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਦੱਸਿਆ, ਤਾਂ ਕਿ ਉਨ੍ਹਾਂ ਆਗੂਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾ ਸਕੇ।
ਨਵਜੋਤ ਕੌਰ ਸਿੱਧੂ ਨੇ ਅੰਤ ਵਿੱਚ ਸਪਸ਼ਟ ਕੀਤਾ ਕਿ ਜੇ ਹਾਈ ਕਮਾਂਡ ਸੱਚ ਬੋਲਣ ਵਾਲੇ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਲੜ੍ਹਨ ਵਾਲਿਆਂ ਦੀ ਕਦਰ ਕਰਦੀ ਹੈ, ਤਾਂ ਉਹ ਹਮੇਸ਼ਾ ਕਾਂਗਰਸ ਦੇ ਨਾਲ ਖੜ੍ਹੀ ਰਹੇਗੀ। ਨਹੀਂ ਤਾਂ, ਉਹ ਮੁੰਡੇਰ ਤੇ ਬੈਠ ਕੇ ਚੁੱਪ ਨਹੀਂ ਰਹਿਣਗੇ ਸੱਚ ਦੇ ਨਾਲ ਖੜ੍ਹੀ ਰਹੇਗੀ।











