Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 9 ਦਸੰਬਰ
ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਵਿਵਾਦ ਨੇ ਨਵਾਂ ਰੂਪ ਧਾਰ ਲਿਆ ਹੈ। ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ।
ਰੰਧਾਵਾ ਦੇ ਵਕੀਲ ਵੱਲੋਂ ਭੇਜੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ 7 ਅਤੇ 8 ਦਸੰਬਰ ਨੂੰ ਨਵਜੋਤ ਕੌਰ ਨੇ ਮੀਡੀਆ ਦੇ ਸਾਹਮਣੇ ਰੰਧਾਵਾ ਉੱਤੇ ਭ੍ਰਿਸ਼ਟਾਚਾਰ ਤੇ ਰਿਸ਼ਵਤ ਖੋਰੀ ਦੇ ਝੂਠੇ ਇਲਜ਼ਾਮ ਲਗਾਏ। ਨੋਟਿਸ ਅਨੁਸਾਰ, ਇਹ ਬਿਆਨ ਰੰਧਾਵਾ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਰਾਜਨੀਤਿਕ ਦੁਸ਼ਮਣੀ ਕਾਰਨ ਕੀਤੇ ਗਏ ਹਨ।
ਰੰਧਾਵਾ ਨੇ ਨਵਜੋਤ ਕੌਰ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਨਹੀਂ ਤਾਂ ਉਨ੍ਹਾਂ ਨੇ ਮਾਣਹਾਨੀ ਦਾ ਅਪਰਾਧਿਕ ਮਾਮਲਾ ਦਰਜ ਕਰਨ ਦੀ ਚੇਤਾਵਨੀ ਦਿੱਤੀ ਹੈ। ਰੰਧਾਵਾ ਕਹਿੰਦੇ ਹਨ ਕਿ ਉਹ ਹਮੇਸ਼ਾਂ ਇਮਾਨਦਾਰੀ ਨਾਲ ਜਨ ਸੇਵਾ ਕਰਦੇ ਆਏ ਹਨ ਅਤੇ ਇਨ੍ਹਾਂ ਬਿਆਨਾਂ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਠੇਸ ਪਹੁੰਚੀ ਹੈ।
ਗ਼ੌਰਤਲਬ ਹੈ ਕਿ ਪਿਛਲੇ ਦਿਨਾਂ ਨਵਜੋਤ ਕੌਰ ਨੇ ਕਾਂਗਰਸ ਦੇ ਕਈ ਨੇਤਾਵਾਂ ਖ਼ਿਲਾਫ਼ ਤਿੱਖੇ ਬਿਆਨ ਦਿੱਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਪਾਰਟੀ ਵਿੱਚ ਅਹੁਦੇ ਅਤੇ ਟਿਕਟਾਂ ਪੈਸਿਆਂ ਦੇ ਆਧਾਰ ‘ਤੇ ਵੇਚੀਆਂ ਜਾਂਦੀਆਂ ਹਨ ਅਤੇ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧ ਹਨ।
ਇਨ੍ਹਾਂ ਬਿਆਨਾਂ ਤੋਂ ਬਾਅਦ, 8 ਦਸੰਬਰ ਨੂੰ ਪੰਜਾਬ ਕਾਂਗਰਸ ਨੇ ਨਵਜੋਤ ਕੌਰ ਨੂੰ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ। ਪਾਰਟੀ ਪ੍ਰਧਾਨ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਨਵਜੋਤ ਕੌਰ ਨੇ ਕਿਹਾ ਕਿ ਉਹ ਪ੍ਰਿਅੰਕਾ ਗਾਂਧੀ ਦਾ ਸਮਰਥਨ ਕਰਦੀਆਂ ਹਨ ਤੇ ਪਾਰਟੀ ਨੂੰ ਸਾਫ਼-ਸੁਥਰੇ ਨੇਤਾ ਦੀ ਲੋੜ ਹੈ। ਇਸ ਸਾਰੇ ਮਾਮਲੇ ‘ਤੇ ਉਨ੍ਹਾਂ ਵੱਲੋਂ ਅਜੇ ਕੋਈ ਨਵਾਂ ਜਵਾਬ ਨਹੀਂ ਆਇਆ।


Share & like

Leave a Reply