ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ‘ਚ ਡੀਈਓ ਵੱਲੋਂ ਮਿਲਿਆ ਸਨਮਾਨ
ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ ਬਿਊਰੋ
ਦੀਨਾਨਗਰ, 15 ਅਕਤੂਬਰ
ਜ਼ਿਲ੍ਹਾ ਸਿੱਖਿਆ ਵਿਭਾਗ ਗੁਰਦਾਸਪੁਰ ਵੱਲੋਂ ਅੱਜ ਡਾਇਟ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਬਲਾਕ ਦੀਨਾਨਗਰ-1 ਦੀ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਦੀ ਵਿਦਿਆਰਥਣ ਸੁਖਮਨੀ ਅਤੇ ਉਸਦੀ ਅਧਿਆਪਕਾ ਸੰਦੀਪ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਵਿਦਿਅਕ ਸੈਸ਼ਨ 2024-25 ਦੌਰਾਨ ਪੰਜਵੀਂ ਜਮਾਤ ਦੀ ਅੰਤਿਮ ਪ੍ਰੀਖਿਆ ਵਿੱਚ ਬਲਾਕ ਦੀਨਾਨਗਰ-1 ਦੇ ਸਮੂਹ ਸਕੂਲਾਂ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਦੀ ਉਪਲਬਧੀ ਲਈ ਦਿੱਤਾ ਗਿਆ। ਵਿਦਿਆਰਥਣ ਸੁਖਮਨੀ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ।

ਸਮਾਰੋਹ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ/ਸੈਕੰਡਰੀ) ਸ੍ਰੀਮਤੀ ਪਰਮਜੀਤ ਕੌਰ ਵੱਲੋਂ ਵਿਦਿਆਰਥਣ ਸੁਖਮਨੀ ਅਤੇ ਅਧਿਆਪਕਾ ਸੰਦੀਪ ਨੂੰ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਇਸ ਮੌਕੇ ਡਾਇਟ ਪ੍ਰਿੰਸੀਪਲ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਸਭ ਨੇ ਵਿਦਿਆਰਥਣ ਸੁਖਮਨੀ ਅਤੇ ਉਸਦੀ ਅਧਿਆਪਕਾ ਸੰਦੀਪ ਦੀ ਇਸ ਉਪਲਬਧੀ ਦੀ ਸਰਾਹਨਾ ਕੀਤੀ ਤੇ ਹੋਰ ਵਿਦਿਆਰਥੀਆਂ ਨੂੰ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਉੱਚਾ ਕਰਨ ਦੀ ਪ੍ਰੇਰਣਾ ਦਿੱਤੀ।

ਸਮਾਰੋਹ ਦਾ ਮਕਸਦ ਜ਼ਿਲ੍ਹੇ ਪੱਧਰ ‘ਤੇ ਉਹਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਸੀ ਜਿਨ੍ਹਾਂ ਨੇ ਸਿੱਖਿਆ ਖੇਤਰ ਵਿੱਚ ਵਿਸ਼ੇਸ਼ ਪ੍ਰਦਰਸ਼ਨ ਕਰਕੇ ਗੁਣਵੱਤਾ ਪੱਧਰ ਨੂੰ ਨਵਾਂ ਰੁਖ ਦਿੱਤਾ ਹੈ।










