ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਦੀ ਤਿਆਰੀ ਜੋਰਾਂ ‘ਤੇ
ਨੋਡਲ ਅਫਸਰ ਸੋਨੂ ਕੁਮਾਰ ਨੇ ਦਿੱਤੀਆਂ ਰਜਿਸਟਰੇਸ਼ਨ ਤੇ ਪੇਪਰ ਸਬੰਧੀ ਹਦਾਇਤਾਂ, 31 ਅਕਤੂਬਰ ਤੱਕ ਹੋਵੇਗੀ ਰਜਿਸਟਰੇਸ਼ਨ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਹਿਰਾਮਪੁਰ/ਗੁਰਦਾਸਪੁਰ, 15 ਅਕਤੂਬਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਤੀਸਰੇ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਦੀ ਤਿਆਰੀਆਂ ਨੂੰ ਲੈ ਕੇ ਅੱਜ ਬਲਾਕ ਦੋਰਾਂਗਲਾ ਵੱਲੋਂ ਇੱਕ ਜ਼ੂਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਰਹਿਨੁਮਾਈ ਜਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ੍ਰੀਮਤੀ ਪਰਮਜੀਤ ਕੌਰ ਨੇ ਕੀਤੀ ਜਦਕਿ ਮੀਟਿੰਗ ਦੀ ਅਗਵਾਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਕੁਮਾਰ ਪਨਿਆੜ ਜੀ ਨੇ ਕੀਤੀ।

ਇਸ ਮੌਕੇ ਬਲਾਕ ਦੇ ਸਾਰੇ ਸੈਂਟਰ ਹੈਡ ਟੀਚਰ, ਹੈਡ ਟੀਚਰ ਅਤੇ ਸੈਕਿੰਡ ਇੰਚਾਰਜ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਲਗਭਗ 80 ਅਧਿਆਪਕਾਂ ਨੇ ਇਸ ਜ਼ੂਮ ਮੀਟਿੰਗ ਵਿੱਚ ਹਿੱਸਾ ਪਾਇਆ।
ਮੀਟਿੰਗ ਦੌਰਾਨ ਬਲਾਕ ਨੋਡਲ ਅਫਸਰ ਸੋਨੂ ਕੁਮਾਰ, ਸੈਂਟਰ ਹੈਡ ਟੀਚਰ ਬਾਹਮਣੀ ਨੇ ਵਿਸਥਾਰ ਨਾਲ ਓਲੰਪਿਆਡ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਪੰਜਾਬੀ ਬੋਲੀ ਓਲੰਪਿਆਡ ਦੀ ਰਜਿਸਟਰੇਸ਼ਨ 31 ਅਕਤੂਬਰ ਤੱਕ ਖੁੱਲੀ ਰਹੇਗੀ। ਇਹ ਓਲੰਪਿਆਡ 8 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਹੋਵੇਗਾ ਅਤੇ ਇਸ ਦੇ ਤਿੰਨ ਪੜਾਅ ਹੋਣਗੇ।

ਪਹਿਲਾ ਪੜਾਅ (ਮੋਕ ਟੈਸਟ) 10 ਨਵੰਬਰ ਨੂੰ ਹੋਵੇਗਾ,
ਦੂਸਰਾ ਪੜਾਅ 5 ਦਸੰਬਰ ਨੂੰ ਆਨਲਾਈਨ ਤਰੀਕੇ ਨਾਲ ਹੋਵੇਗਾ,
ਤੀਸਰਾ ਪੜਾਅ 15 ਦਸੰਬਰ ਨੂੰ ਆਨਲਾਈਨ ਹੋਵੇਗਾ,
ਜਦਕਿ ਅੰਤਿਮ ਆਫਲਾਈਨ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਵਿੱਚ ਹੋਵੇਗਾ।
ਉਹਨਾਂ ਦੱਸਿਆ ਕਿ ਰਜਿਸਟਰੇਸ਼ਨ ਫੀਸ ਸਿਰਫ਼ 50 ਰੁਪਏ ਹੈ। ਸੋਨੂ ਕੁਮਾਰ ਨੇ ਸਾਰੇ ਸਕੂਲਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ ਚਾਰ ਬੱਚਿਆਂ ਦੀ ਰਜਿਸਟਰੇਸ਼ਨ ਯਕੀਨੀ ਬਣਾਉਣ ਤਾਂ ਜੋ ਬੱਚਿਆਂ ਵਿੱਚ ਪੰਜਾਬੀ ਬੋਲੀ ਪ੍ਰਤੀ ਰੁਝਾਨ ਵਧੇ ਤੇ ਉਹ ਆਪਣੀ ਮਾਤ੍ਰਭਾਸ਼ਾ ਨਾਲ ਹੋਰ ਜੁੜ ਸਕਣ।

ਇਸ ਮੌਕੇ ਸੈਂਟਰ ਹੈਡ ਟੀਚਰ ਮਦਨ ਗੋਪਾਲ, ਗੁਰਪ੍ਰੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਬਾਜਵਾ, ਪ੍ਰਦੀਪ ਕੁਮਾਰ, ਰਵੀ ਕੁਮਾਰ, ਅਤੁਲ ਮਹਾਜਨ, ਮੈਡਮ ਸ਼ਸ਼ੀ, ਹੈਡ ਟੀਚਰ ਜੋਤ ਪ੍ਰਕਾਸ਼ ਸਿੰਘ, ਰਜਨੀ ਪ੍ਰਕਾਸ਼ ਸਿੰਘ, ਅਨਿਲ ਸ਼ਰਮਾ, ਜਸਪਾਲ ਸਿੰਘ (ਰਾਏਪੁਰ), ਬਲਵਿੰਦਰ ਕੌਰ, ਬੀ.ਆਰ.ਸੀ. ਮਨਜੀਤ ਸਿੰਘ, ਸੁਮਿਤ ਮਹਾਜਨ, ਵਿਕਰਮਦੀਪ ਸਿੰਘ, ਚੰਦਰਕਾਂਤ, ਅਜੀਬ ਸਿੰਘ ਆਦਿ ਹਾਜ਼ਰ ਸਨ।

ਮੀਟਿੰਗ ਦੌਰਾਨ ਅਧਿਆਪਕਾਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨਾ ਸਿਰਫ਼ ਵਿਦਿਆਰਥੀਆਂ ਵਿੱਚ ਪੰਜਾਬੀ ਬੋਲੀ ਪ੍ਰਤੀ ਪਿਆਰ ਪੈਦਾ ਕਰਦੇ ਹਨ, ਸਗੋਂ ਉਨ੍ਹਾਂ ਦੀ ਬੋਧਕ ਸਮਝ, ਰਚਨਾਤਮਕਤਾ ਅਤੇ ਸੱਭਿਆਚਾਰਕ ਪਹਿਚਾਣ ਨੂੰ ਵੀ ਮਜ਼ਬੂਤ ਕਰਦੇ ਹਨ।


ਰੋਜ਼ਾਨਾ ਖ਼ਬਰ — ਪੰਜਾਬੀ ਬੋਲੀ, ਪੰਜਾਬੀ ਪਹਿਚਾਣ ਦੀ ਆਵਾਜ਼।










