Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 2 ਮਈ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਆਤਮ ਨਿਰਭਰ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਤਹਿਤ ਜ਼ਿਲ੍ਹੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ “ਬਿਜਨਸ ਬਲਾਸਟਰ ਮੇਲਿਆਂ” ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਉਦਯੋਗਪਤੀ ਸੋਚ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨਾ ਹੈ।


ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮੈਡਮ ਪਰਮਜੀਤ ਅਤੇ ਜ਼ਿਲ੍ਹਾ ਨੋਡਲ ਅਫਸਰ ਬਿਜਨਸ ਬਲਾਸਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ 117 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਸ ਪ੍ਰਾਜੈਕਟ ਅਧੀਨ ਕਵਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਜਨਸ ਬਲਾਸਟਰ ਪ੍ਰੋਗਰਾਮ ਦੇ ਦੋ ਪੜਾਅ ਹਨ—ਪ੍ਰੀ-ਸੀਡ ਮਨੀ ਫੇਜ਼ ਅਤੇ ਪੋਸਟ ਸੀਡ ਮਨੀ ਫੇਜ਼। ਪਹਿਲੇ ਪੜਾਅ ਵਿੱਚ ਵਿਦਿਆਰਥੀਆਂ ਨੂੰ ਟੀਮ ਵਰਕ ਦੇ ਆਧਾਰ ’ਤੇ ਆਪਣੀ ਰੁਚੀ ਅਨੁਸਾਰ ਕਾਰੋਬਾਰ ਦੀ ਚੋਣ ਕਰਨੀ ਹੁੰਦੀ ਹੈ ਅਤੇ ਉਸ ਨਾਲ ਸੰਬੰਧਿਤ ਮਾਰਕੀਟ ਸਰਵੇ ਕਰਕੇ ਉਸ ਦੇ ਸਕਾਰਾਤਮਕ ਅਤੇ ਨਕਾਰਾਤਮਕ ਪੱਖਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਹਰ ਟੀਮ ਵਿੱਚ 6 ਵਿਦਿਆਰਥੀ ਸ਼ਾਮਲ ਹੁੰਦੇ ਹਨ ਅਤੇ ਵਿਭਾਗ ਵੱਲੋਂ ਪ੍ਰਤੀ ਵਿਦਿਆਰਥੀ 1000 ਰੁਪਏ ਦੇ ਹਿਸਾਬ ਨਾਲ ਸੀਡ ਮਨੀ ਜਾਰੀ ਕੀਤੀ ਜਾਂਦੀ ਹੈ। ਪਹਿਲੀ ਕਿਸ਼ਤ ਤਹਿਤ 9322 ਵਿਦਿਆਰਥੀਆਂ ਨੂੰ ਕੁੱਲ 93,22,422 ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਇਸ ਰਕਮ ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੇ ਆਪਣੇ ਸਕੂਲਾਂ ਵਿੱਚ ਬਿਜਨਸ ਬਲਾਸਟਰ ਮੇਲੇ ਲਗਾਏ।
ਜ਼ਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਅਤੇ ਜੋਨਲ ਕੋਆਰਡੀਨੇਟਰ ਸ੍ਰੀ ਆਕਾਸ਼ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌੜਾ ਛੱਤਰਾਂ ਸਮੇਤ ਕਈ ਸਕੂਲਾਂ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਖਾਣ-ਪੀਣ ਦੇ ਸਟਾਲ, ਘਰੇਲੂ ਵਰਤੋਂ ਦੀਆਂ ਵਸਤੂਆਂ ਅਤੇ ਹੱਥ ਨਾਲ ਤਿਆਰ ਕੀਤੀਆਂ ਚੀਜ਼ਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਆਪਣੇ ਤਿਆਰ ਕੀਤੇ ਸਮਾਨ ਨੂੰ ਖੁਦ ਵੇਚਣ ਅਤੇ ਉਸ ਤੋਂ ਹੋਣ ਵਾਲੇ ਲਾਭ ਨੂੰ ਆਪਸ ਵਿੱਚ ਵੰਡਣ ਨਾਲ ਉਨ੍ਹਾਂ ਵਿੱਚ ਆਤਮ-ਨਿਰਭਰਤਾ ਅਤੇ ਕਾਰੋਬਾਰੀ ਸੋਚ ਦਾ ਵਿਕਾਸ ਹੋਵੇਗਾ। ਇਹ ਪ੍ਰਾਜੈਕਟ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਉਡੀਕ ਕਰਨ ਦੀ ਬਜਾਏ ਆਪਣੇ ਕਾਰੋਬਾਰ ਵੱਲ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਵਿਦਿਆਰਥੀਆਂ ਨੂੰ “ਜਾਬ ਸੀਕਰ” ਨਹੀਂ, ਸਗੋਂ “ਜਾਬ ਪ੍ਰੋਵਾਈਡਰ” ਬਣਾਉਣਾ ਹੈ।

ਕੈਪਸ਼ਨ: ਬਿਜਨਸ ਬਲਾਸਟਰ ਮੇਲੇ ਦੀ ਵਿਜ਼ਿਟ ਦੌਰਾਨ ਜ਼ਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਅਤੇ ਜੋਨਲ ਕੋਆਰਡੀਨੇਟਰ ਸ੍ਰੀ ਆਕਾਸ਼।


Share & like

Leave a Reply