ਪੰਜਵੀਂ ਜਮਾਤ ਵਿੱਚ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ਅਤੇ ਉਨ੍ਹਾਂ ਦੇ ਅਧਿਆਪਕ ਸਨਮਾਨਿਤ
ਰਿਪੋਰਟ: ਜਤਿੰਦਰ ਬੈਂਸ, ਸੰਪਾਦਕ ਰੋਜ਼ਾਨਾ ਖ਼ਬਰ
ਗੁਰਦਾਸਪੁਰ, 15 ਅਕਤੂਬਰ
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਦਾ ਸਨਮਾਨ ਕਰਨ ਲਈ ਅੱਜ ਡਾਇਟ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ/ਸੈਕੰਡਰੀ) ਸ੍ਰੀਮਤੀ ਪਰਮਜੀਤ ਕੌਰ ਨੇ ਕੀਤੀ, ਜਦਕਿ ਡਾਇਟ ਪ੍ਰਿੰਸੀਪਲ ਸ਼੍ਰੀ ਹਰਿੰਦਰ ਸਿੰਘ ਸੈਣੀ, ਸਮੂਹ ਬਲਾਕ ਸਿੱਖਿਆ ਅਫ਼ਸਰ, ਅਕਾਦਮਿਕ ਸਪੋਰਟ ਗਰੁੱਪ ਦੀ ਟੀਮ, ਵਿਦਿਆਰਥੀਆਂ ਦੇ ਮਾਪੇ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਆਪਕਾਂ ਸਮੇਤ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਵਿਦਿਅਕ ਸੈਸ਼ਨ 2024-25 ਦੌਰਾਨ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਬਲਾਕ ਪੱਧਰ ਤੇ ਆਪਣੀ ਪ੍ਰਤਿਭਾ ਦਰਸਾਈ। ਕੁੱਲ 27 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਇਸ ਮੌਕੇ ਸਨਮਾਨ ਪੱਤਰ ਦੇ ਕੇ ਨਵਾਜ਼ਿਆ ਗਿਆ।

ਇਸ ਤੋਂ ਇਲਾਵਾ ਪ੍ਰੀ-ਪ੍ਰਾਇਮਰੀ ਪੱਧਰ ’ਤੇ ਚੰਗੀ ਕਾਰਗੁਜ਼ਾਰੀ ਅਤੇ ਸੁੰਦਰ ਲਿਖਾਵਟ ਲਈ ਵੀ ਦੋ-ਦੋ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਕਦਮ ਸਿੱਖਿਆ ਖੇਤਰ ਵਿੱਚ ਗੁਣਵੱਤਾ ਅਤੇ ਪ੍ਰੇਰਨਾ ਵਧਾਉਣ ਵੱਲ ਇਕ ਮਹੱਤਵਪੂਰਨ ਯਤਨ ਵਜੋਂ ਦੇਖਿਆ ਗਿਆ।

ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਅਤੇ ਅਧਿਆਪਕ ਆਪਣੀ ਮਿਹਨਤ ਨਾਲ ਜਿਲ੍ਹੇ ਦਾ ਨਾਮ ਰੌਸ਼ਨ ਕਰਦੇ ਹਨ, ਉਹ ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਦੀ ਉਪਲਬਧੀ ਹੋਰਾਂ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਨੇ ਸਾਰੇ ਸਨਮਾਨਿਤ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ ਤੇ ਉਮੀਦ ਜਤਾਈ ਕਿ ਇਹ ਮੋਹਰੀ ਬੱਚੇ ਅੱਗੇ ਚੱਲ ਕੇ ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਡਾਇਟ ਪ੍ਰਿੰਸੀਪਲ ਹਰਿੰਦਰ ਸਿੰਘ ਸੈਣੀ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਿੱਖਿਆ ਦਾ ਅਸਲੀ ਮਕਸਦ ਸਿਰਫ਼ ਅੰਕ ਪ੍ਰਾਪਤ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ ਤੇ ਆਤਮ-ਵਿਸ਼ਵਾਸ ਪੈਦਾ ਕਰਨਾ ਵੀ ਹੈ। ਉਨ੍ਹਾਂ ਨੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਸਿੱਖਿਆ ਅਧਿਕਾਰੀਆਂ ਨੇ ਸਾਰੇ ਸਨਮਾਨਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਤੇ ਸਮਰਪਣ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਤੇ ਉਮੀਦ ਜਤਾਈ ਕਿ ਹੋਰ ਅਧਿਆਪਕ ਤੇ ਵਿਦਿਆਰਥੀ ਵੀ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰਨਗੇ।
ਗੁਰਨਾਮ ਸਿੰਘ, ਡੀ.ਆਰ.ਸੀ. (ਪ੍ਰਾਇਮਰੀ) ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਚੁਣੇ ਗਏ ਇਹ ਸਾਰੇ ਵਿਦਿਆਰਥੀ ਆਪਣੇ ਬਲਾਕਾਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨ ਸਮਾਰੋਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮੋਰਾਲ ਨੂੰ ਹੋਰ ਉੱਚਾ ਕਰਨ ਦਾ ਮਕਸਦ ਰੱਖਦਾ ਹੈ, ਤਾਂ ਜੋ ਸਿੱਖਿਆ ਦੀ ਗੁਣਵੱਤਾ ਹੋਰ ਸੁਧਰੇ।

ਸਨਮਾਨ ਸਮਾਰੋਹ ਦੌਰਾਨ ਡਾਇਟ ਗੁਰਦਾਸਪੁਰ ਵਿਖੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਰਿਹਾ, ਜਿਸ ਵਿੱਚ ਸਿੱਖਿਆ ਪ੍ਰਤੀ ਸਮਰਪਣ ਅਤੇ ਉਤਕ੍ਰਿਸ਼ਟਤਾ ਦੀ ਅਸਲੀ ਝਲਕ ਦਿਖਾਈ ਦਿੱਤੀ। ਸਮਾਰੋਹ ਦੇ ਅੰਤ ’ਤੇ ਸਿੱਖਿਆ ਅਧਿਕਾਰੀਆਂ ਵੱਲੋਂ ਸਾਰੇ ਸਨਮਾਨਿਤ ਵਿਅਕਤੀਆਂ ਦੀ ਤਸਵੀਰਾਂ ਖਿੱਚ ਕੇ ਯਾਦਗਾਰੀ ਪਲ ਸੰਭਾਲੇ ਗਏ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ।











