Share & like

ਵੀਡੀਓ ਵਿੱਚ ਡੀਜੀਪੀ ਸ਼ਤਰੂਜੀਤ ਤੇ ਸਾਬਕਾ ਐੱਸਪੀ ਬਿਜਾਰਨੀਆ ਦੀ ਕੀਤੀ ਤਾਰੀਫ਼

ਰੋਜ਼ਾਨਾ ਖ਼ਬਰ ਬਿਊਰੋ
ਰੋਹਤਕ, 14 ਅਕਤੂਬਰ
ਹਰਿਆਣਾ ਪੁਲੀਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਸੰਦੀਪ ਕੁਮਾਰ ਵੱਲੋਂ ਖੁਦਕੁਸ਼ੀ ਕਰਨ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਉਸ ਦੀ ਲਾਸ਼ ਮੰਗਲਵਾਰ ਸਵੇਰੇ ਰੋਹਤਕ ਦੇ ਲਾਧੌਤ-ਧਮਾਰ ਰੋਡ ’ਤੇ ਸਥਿਤ ਉਸ ਦੀ ਰਿਹਾਇਸ਼ ਤੋਂ ਬਰਾਮਦ ਕੀਤੀ ਗਈ। ਪੁਲੀਸ ਅਨੁਸਾਰ ਸੰਦੀਪ ਨੇ ਕਥਿਤ ਤੌਰ ’ਤੇ ਆਪਣੀ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ। ਮੌਕੇ ਤੋਂ ਇੱਕ ਨੋਟ ਵੀ ਬਰਾਮਦ ਹੋਇਆ ਹੈ, ਜਿਸ ਦੀ ਪੁਸ਼ਟੀ ਪੁਲੀਸ ਵਲੋਂ ਅਜੇ ਨਹੀਂ ਕੀਤੀ ਗਈ।
ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਸੰਦੀਪ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ਵਿੱਚ ਉਹ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਸਿੰਘ ਕਪੂਰ ਅਤੇ ਰੋਹਤਕ ਦੇ ਸਾਬਕਾ ਐੱਸਪੀ ਨਰਿੰਦਰ ਬਿਜਾਰਨੀਆ ਦੀ ਤਾਰੀਫ਼ ਕਰਦਿਆਂ ਇਮਾਨਦਾਰ ਦੱਸਿਆ ਹੈ।

ਉਸੇ ਵੀਡੀਓ ਵਿੱਚ ਏਐੱਸਆਈ ਸੰਦੀਪ ਨੇ ਰੋਹਤਕ ਆਈਜੀਪੀ ਦਫ਼ਤਰ ਵਿੱਚ ਤਾਇਨਾਤ ਕੁਝ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਗਾਏ। ਉਸ ਦਾ ਕਹਿਣਾ ਸੀ ਕਿ ਇਹ ਅਧਿਕਾਰੀ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਵਧਾ ਰਹੇ ਹਨ, ਜਾਤੀ ਦੇ ਆਧਾਰ ’ਤੇ ਭੇਦਭਾਵ ਕਰਦੇ ਹਨ ਅਤੇ ਇਮਾਨਦਾਰ ਪੁਲੀਸ ਕਰਮਚਾਰੀਆਂ ਨੂੰ ਤੰਗ ਕਰਦੇ ਹਨ। ਉਸ ਨੇ ਆਪਣੇ ਵੀਡੀਓ ਵਿੱਚ ਮਰਹੂਮ ਆਈਪੀਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੇ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਖੁਦਕੁਸ਼ੀ ਕੀਤੀ ਸੀ ਤੇ ਉੱਚ ਅਧਿਕਾਰੀਆਂ ’ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ।

ਸੰਦੀਪ ਨੇ ਵੀਡੀਓ ਵਿੱਚ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਿਤ ਹੈ ਤੇ ਕਿਸੇ ਤੋਂ ਨਹੀਂ ਡਰਦਾ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਇਹ ਕਦਮ ਲੋਕਾਂ ਅਤੇ ਦੇਸ਼ ਨੂੰ ਜਗਾਉਣ ਲਈ ਹੈ। ਇਹ ਘਟਨਾ ਆਈਪੀਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਸਿਰਫ਼ ਸੱਤ ਦਿਨਾਂ ਬਾਅਦ ਵਾਪਰੀ ਹੈ, ਜਿਸ ਕਾਰਨ ਪੁਲੀਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ।


Share & like

Leave a Reply