Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 14 ਅਕਤੂਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਗੁਰਦਾਸਪੁਰ-2 ਦੇ ਸੈਂਟਰ ਹੇਮਰਾਜਪੁਰ ਹੇਠ ਆਉਂਦੀਆਂ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ (ਐਸ.ਐਮ.ਸੀ.) ਦੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਵਿਖੇ ਕੀਤਾ ਗਿਆ।
ਇਹ ਟ੍ਰੇਨਿੰਗ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ਼੍ਰੀਮਤੀ ਪਰਮਜੀਤ ਕੌਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਰਾਕੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਕਮੇਟੀਆਂ ਦੇ ਚੇਅਰਮੈਨਾਂ ਅਤੇ ਮੈਂਬਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਕਰਤਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਣਾ ਸੀ।

ਇਸ ਮੌਕੇ ਸ਼੍ਰੀ ਅਸ਼ਵਨੀ ਕੁਮਾਰ, ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਹਲਕਾ ਗੁਰਦਾਸਪੁਰ, ਅਤੇ ਸ਼੍ਰੀ ਗੁਰਨਾਮ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਅਕਾਦਮਿਕ ਸਹਾਇਤਾ ਗਰੁੱਪ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਗਈ। ਉਨ੍ਹਾਂ ਨੇ ਕਮੇਟੀਆਂ ਦੀ ਸਕੂਲ ਪ੍ਰਬੰਧਨ ਵਿੱਚ ਭੂਮਿਕਾ, ਸਿੱਖਿਆ ਦੇ ਗੁਣਾਤਮਕ ਪੱਖਾਂ ਅਤੇ ਸਰਕਾਰੀ ਸਕੀਮਾਂ ਦੇ ਲਾਭਾਂ ਨੂੰ ਸਿੱਖਿਆ ਪ੍ਰਣਾਲੀ ਤੱਕ ਪਹੁੰਚਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਬਲਾਕ ਰਿਸੋਰਸ ਕੋਆਰਡੀਨੇਟਰ ਸ਼੍ਰੀਮਤੀ ਸੁਖਬੀਰ ਕੌਰ ਅਤੇ ਸ਼੍ਰੀ ਸੁਮੀਤ ਭਾਰਦਵਾਜ਼ ਨੇ ਪ੍ਰਜ਼ੇਂਟੇਸ਼ਨ ਰਾਹੀਂ ਕਮੇਟੀ ਮੈਂਬਰਾਂ ਨੂੰ ਸਕੂਲ ਪ੍ਰਬੰਧਨ, ਵਿਦਿਆਰਥੀ ਹਾਜ਼ਰੀ, ਸੁਰੱਖਿਆ ਅਤੇ ਸਫ਼ਾਈ ਨਾਲ ਸਬੰਧਤ ਜ਼ਿੰਮੇਵਾਰੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ।

ਇਸ ਮੌਕੇ ਸਿੱਖਿਆ ਸ਼ਾਸਤਰੀ ਸ੍ਰੀ ਅਸ਼ਵਨੀ ਕੁਮਾਰ, ਸ. ਬਲਵੀਰ ਸਿੰਘ ਰਿਟਾ (ਪ੍ਰਿੰਸੀਪਲ), ਸ਼੍ਰੀ ਪੀਟਰ, ਅਤੇ ਸ਼੍ਰੀ ਰਾਕੇਸ਼ ਕੁਮਾਰ ਵੱਲੋਂ ਵੀ ਹਾਜ਼ਰ ਕਮੇਟੀ ਮੈਂਬਰਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਕਮੇਟੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਕੂਲਾਂ ਦੀ ਉੱਨਤੀ ਅਤੇ ਵਿਦਿਆਰਥੀਆਂ ਦੀ ਸਿੱਖਿਆ ਦੇ ਗੁਣਵੱਤਾ ਸੁਧਾਰ ਲਈ ਪੂਰੇ ਜ਼ਿੰਮੇਵਾਰੀ ਨਾਲ ਕੰਮ ਕਰਨ।
ਪ੍ਰਿੰਸੀਪਲ ਸ੍ਰੀਮਤੀ ਅਲਕਾ ਰਾਣੀ ਵੱਲੋਂ ਵਰਕਸ਼ਾਪ ਦੇ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਕੀਤੇ ਗਏ। ਉਨ੍ਹਾਂ ਨੇ ਸਾਰੇ ਅਧਿਕਾਰੀਆਂ, ਮਹਿਮਾਨਾਂ ਅਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਪਤੀ ਮੌਕੇ ਸਭ ਨੇ ਇਹ ਵਚਨ ਦਿੱਤਾ ਕਿ ਉਹ ਸਿੱਖਿਆ ਦੇ ਖੇਤਰ ਵਿੱਚ ਸਮਾਜਿਕ ਸਹਿਭਾਗ ਨੂੰ ਵਧਾਉਣ ਲਈ ਪੂਰੇ ਸਮਰਪਣ ਨਾਲ ਕੰਮ ਕਰਨਗੇ।




Share & like

Leave a Reply