ਸਕੂਲਾਂ ਦੇ ਗੁਣਾਤਮਕ ਵਿਕਾਸ ਵਿੱਚ ਮੈਨੇਜਮੈਂਟ ਕਮੇਟੀਆਂ ਦੀ ਭੂਮਿਕਾ ਮਹੱਤਵਪੂਰਨ — ਬੀਪੀਈਓ ਰਾਕੇਸ਼ ਕੁਮਾਰ
ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 13 ਅਕਤੂਬਰ
ਸਿੱਖਿਆ ਬਲਾਕ ਗੁਰਦਾਸਪੁਰ-2 ਦੇ ਕਲਸਟਰ ਬਹਿਰਾਮਪੁਰ ਰੋਡ ਅਧੀਨ ਆਉਂਦੇ ਸਰਕਾਰੀ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਅਤੇ ਨੁਮਾਇੰਦਿਆਂ ਲਈ ਇੱਕ ਰੋਜ਼ਾ ਟਰੇਨਿੰਗ ਕੈਂਪ ਦਾ ਆਯੋਜਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਕਚਹਿਰੀ ਰੋਡ ਗੁਰਦਾਸਪੁਰ ਵਿਖੇ ਕੀਤਾ ਗਿਆ। ਇਸ ਟਰੇਨਿੰਗ ਕੈਂਪ ਦੀ ਅਗਵਾਈ ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਹਰਵਿੰਦਰ ਕੌਰ ਨੇ ਕੀਤੀ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਸ੍ਰੀ ਰਾਕੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਜਦਕਿ ਸਿੱਖਿਆ ਮਾਹਿਰ ਰਿਟਾਇਰਡ ਲੈਕਚਰਾਰ ਸ੍ਰੀ ਅਸ਼ਵਨੀ ਕੁਮਾਰ ਅਤੇ ਪਿੰਡ ਮਸੀਤ ਦੇ ਸਰਪੰਚ ਸ੍ਰੀ ਤਰਸੇਮ ਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਬੀਪੀਈਓ ਸ੍ਰੀ ਰਾਕੇਸ਼ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਗੁਣਾਤਮਕ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਉਪਰਾਲੇ ਦਾ ਹਿੱਸਾ ਵਜੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀ ਟਰੇਨਿੰਗ ਕਰਵਾਈ ਜਾ ਰਹੀ ਹੈ, ਤਾਂ ਜੋ ਉਹ ਸਕੂਲ ਦੇ ਹਰੇਕ ਵਿਕਾਸ ਕਾਰਜ ਵਿੱਚ ਸਰਗਰਮ ਹਿੱਸਾ ਲੈ ਸਕਣ।
ਉਨ੍ਹਾਂ ਕਿਹਾ ਕਿ ਜਿਵੇਂ ਗ੍ਰਾਮ ਪੰਚਾਇਤ ਪਿੰਡ ਦੇ ਵਿਕਾਸ ਲਈ ਕੰਮ ਕਰਦੀ ਹੈ, ਉਸੇ ਤਰ੍ਹਾਂ ਸਕੂਲ ਮੈਨੇਜਮੈਂਟ ਕਮੇਟੀ ਦਾ ਉਦੇਸ਼ ਸਕੂਲ ਨੂੰ ਵਿਕਸਿਤ ਕਰਨਾ ਤੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨੀ ਹੈ।

ਸਿੱਖਿਆ ਮਾਹਿਰ ਅਤੇ ਰਿਟਾਇਰਡ ਲੈਕਚਰਾਰ ਸ੍ਰੀ ਅਸ਼ਵਨੀ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀ ਅਤੇ ਅਧਿਆਪਕਾਂ ਦੇ ਆਪਸੀ ਤਾਲਮੇਲ ਨਾਲ ਹੀ ਸਕੂਲਾਂ ਦਾ ਸਰਵਾਂਗੀਣ ਵਿਕਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਕੂਲ ਦੇ ਵਿਕਾਸ ਕਾਰਜਾਂ, ਬੱਚਿਆਂ ਦੀ ਹਾਜ਼ਰੀ ਵਧਾਉਣ, ਦਾਖਲੇ ਪ੍ਰਚਾਰ ਅਤੇ ਮਿਡ-ਡੇ ਮੀਲ ਦੀ ਗੁਣਵੱਤਾ ‘ਤੇ ਨਿਗਰਾਨੀ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ। ਪਿੰਡ ਮਸੀਤ ਦੇ ਸਰਪੰਚ ਸ੍ਰੀ ਤਰਸੇਮ ਪਾਲ ਨੇ ਵੀ ਸਮਾਰੋਹ ਦੌਰਾਨ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਿੰਡ ਪੱਧਰ ਤੇ ਪੰਚਾਇਤਾਂ ਸਕੂਲਾਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਪਿੰਡਾਂ ਦੇ ਬੱਚਿਆਂ ਦੇ ਭਵਿੱਖ ਦਾ ਆਧਾਰ ਹਨ, ਇਸ ਲਈ ਸਮਾਜ ਦੇ ਹਰੇਕ ਵਰਗ ਨੂੰ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਟਰੇਨਿੰਗ ਦੌਰਾਨ ਮਿਡ ਡੇ ਮੀਲ ਸਕੀਮ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਕਮੇਟੀ ਮੈਂਬਰਾਂ ਨੂੰ ਦੱਸਿਆ ਗਿਆ ਕਿ ਉਹ ਰੋਜ਼ਾਨਾ ਦਿੱਤੇ ਜਾ ਰਹੇ ਭੋਜਨ ਦੀ ਗੁਣਵੱਤਾ, ਸਫਾਈ ਅਤੇ ਮਾਪਦੰਡਾਂ ‘ਤੇ ਨਿਗਰਾਨੀ ਕਰਨ ਦੇ ਹੱਕਦਾਰ ਹਨ।ਬਲਾਕ ਰਿਸੋਰਸ ਕੋਆਰਡੀਨੇਟਰ ਸ੍ਰੀ ਸੁਮੀਤ ਭਾਰਦਵਾਜ ਅਤੇ ਸ੍ਰੀਮਤੀ ਸੁਖਬੀਰ ਕੌਰ ਨੇ ਟਰੇਨਿੰਗ ਦੌਰਾਨ ਕਮੇਟੀ ਮੈਂਬਰਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਕਰਤਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰ ਸਕੂਲ ਮੈਨੇਜਮੈਂਟ ਕਮੇਟੀ ਨੂੰ ਸਕੂਲ ਦੇ ਹਰ ਫੈਸਲੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਪਾਰਦਰਸ਼ੀ ਪ੍ਰਬੰਧਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

ਕਮੇਟੀ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਇੱਕ ਜਾਣਕਾਰੀਪ੍ਰਦ ਕਿਤਾਬਚਾ ਵੀ ਵੰਡਿਆ ਗਿਆ, ਜਿਸ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਮੁੱਖ ਉਦੇਸ਼, ਜਿੰਮੇਵਾਰੀਆਂ ਅਤੇ ਅਧਿਕਾਰ ਦਰਸਾਏ ਗਏ ਸਨ। ਇਸ ਮੌਕੇ ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਹਰਵਿੰਦਰ ਕੌਰ, ਮੁੱਖ ਅਧਿਆਪਕਾ ਸ੍ਰੀਮਤੀ ਕੰਵਲਪ੍ਰੀਤ ਕੌਰ ਅਤੇ ਕਲਸਟਰ ਅਧੀਨ ਵੱਖ-ਵੱਖ ਸਕੂਲਾਂ ਦੇ ਮੁਖੀ ਅਤੇ ਅਧਿਆਪਕ ਵੀ ਮੌਜੂਦ ਸਨ। ਇਹ ਟਰੇਨਿੰਗ ਕੈਂਪ ਸਿਰਫ਼ ਸਿੱਖਿਆਕ ਸੁਧਾਰ ਲਈ ਹੀ ਨਹੀਂ, ਸਗੋਂ ਸਕੂਲਾਂ ਵਿੱਚ ਸਾਂਝੀ ਜ਼ਿੰਮੇਵਾਰੀ ਅਤੇ ਸਮਾਜਕ ਭਾਗੀਦਾਰੀ ਦੀ ਨਵੀਂ ਸੋਚ ਪੈਦਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।











