ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ – ਸਿਵਲ ਸਰਵਿਸਿਜ਼ ਰਾਸ਼ਟਰ ਨਿਰਮਾਣ ਦਾ ਸਾਧਨ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 13 ਅਕਤੂਬਰ:
ਗੁਰਦਾਸਪੁਰ ਦੇ ਨੌਜਵਾਨਾਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਵੱਲ ਰਾਹ ਖੋਲ੍ਹਦਿਆਂ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ “ਮਿਸ਼ਨ ਉਮੀਦ” ਤਹਿਤ ਸਮਰਪਣ ਸੁਸਾਇਟੀ ਦੇ ਸਹਿਯੋਗ ਨਾਲ ਸਿਵਲ ਸਰਵਿਸਿਜ਼ (UPSC/PCS) ਅਤੇ ਪ੍ਰਬੰਧਕੀ ਅਹੁਦਿਆਂ ਲਈ ਮੁਫ਼ਤ ਆਨਲਾਈਨ ਕੋਚਿੰਗ ਸੈਂਟਰ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਅਗਵਾਈ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਵਜੋਂ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ), ਗੁਰਦਾਸਪੁਰ ਨੇ ਰਿਬਨ ਕੱਟ ਕੇ ਸੈਂਟਰ ਦਾ ਉਦਘਾਟਨ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪਰਮਿੰਦਰ ਸੈਣੀ, ਜ਼ਿਲ੍ਹਾ ਗਾਈਡੈਂਸ ਕਾਊਂਸਲਰ-ਕਮ-ਸਕੱਤਰ ਸਮਰਪਣ ਸੁਸਾਇਟੀ ਅਤੇ ਜ਼ਿਲ੍ਹਾ ਨੋਡਲ ਅਫਸਰ “ਮਿਸ਼ਨ ਉਮੀਦ” ਗੁਰਦਾਸਪੁਰ ਮੌਜੂਦ ਸਨ।
ਸ਼ੁਰੂਆਤੀ ਸਮਾਰੋਹ ਦੀ ਸ਼ੋਭਾ ਵਧਾਉਂਦਿਆਂ ਇੰਟਰਨੈਸ਼ਨਲ ਕਥਕ ਡਾਂਸਰ ਨੈਨਿਕਾ ਗਗਨਾਨੀ ਨੇ ਆਪਣੀ ਕਲਾਸਿਕ ਕਥਕ ਪ੍ਰਸਤੁਤੀ ਰਾਹੀਂ ਦਰਸ਼ਕਾਂ ਨੂੰ ਮੋਹ ਲਿਆ। ਸਟੇਜ ਸੰਚਾਲਨ ਪ੍ਰੋ. ਰਾਜ ਕੌਰ, ਮੁਖੀ ਭੌਤਿਕ ਸਿੱਖਿਆ ਵਿਭਾਗ ਵੱਲੋਂ ਬਖੂਬੀ ਕੀਤਾ ਗਿਆ।

ਉਦਘਾਟਨ ਸਮਾਰੋਹ ਦੌਰਾਨ ਸੰਬੋਧਨ ਕਰਦੇ ਹੋਏ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਸਿਵਲ ਸਰਵਿਸਿਜ਼ ਸਿਰਫ਼ ਇੱਕ ਕੈਰੀਅਰ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦਾ ਸਾਧਨ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਿਦਿਆਰਥੀ ਵਿੱਚ ਬੇਅੰਤ ਸਮਰਥਾ ਹੈ ਜਿਸਨੂੰ ਸਹੀ ਦਿਸ਼ਾ, ਮਾਰਗਦਰਸ਼ਨ ਅਤੇ ਮਿਹਨਤ ਨਾਲ ਪ੍ਰਗਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ, “ਜੇ ਤੁਸੀਂ ਆਪਣੇ ਜੀਵਨ ਦੇ ਉਦੇਸ਼ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਪੂਰਾ ਕਰਨ ਦਾ ਫ਼ੈਸਲਾ ਕਰ ਲਓ, ਤਾਂ ਕੋਈ ਵੀ ਰੁਕਾਵਟ ਤੁਹਾਡਾ ਰਾਹ ਨਹੀਂ ਰੋਕ ਸਕਦੀ। ਸਫਲਤਾ ਇੱਕ ਦਿਨ ਦਾ ਨਤੀਜਾ ਨਹੀਂ, ਸਗੋਂ ਲਗਾਤਾਰ ਮਿਹਨਤ, ਸਬਰ ਅਤੇ ਸੰਕਲਪ ਦਾ ਫਲ ਹੁੰਦੀ ਹੈ।”
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਬਣਾਈ ਰੱਖਣ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਇਹ ਯਤਨ ਸਿੱਖਿਆ ਖੇਤਰ ਵਿੱਚ ਨਵਾਂ ਮਾਪਦੰਡ ਸੈੱਟ ਕਰੇਗਾ।
ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਮਦਦਗਾਰ ਸਾਬਤ ਹੋਵੇਗਾ।
ਪਰਮਿੰਦਰ ਸੈਣੀ ਨੇ ਕਿਹਾ ਕਿ “ਮਿਸ਼ਨ ਉਮੀਦ” ਦਾ ਮੰਤਵ ਹਰ ਵਿਦਿਆਰਥੀ ਤੱਕ ਮਾਰਗਦਰਸ਼ਨ ਦੇ ਮੌਕੇ ਪਹੁੰਚਾਉਣਾ ਹੈ ਤਾਂ ਜੋ ਉਹ ਰਾਜ ਤੇ ਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਉਣ।
ਪ੍ਰੋਗਰਾਮ ਦੀ ਸਫਲਤਾ ਵਿੱਚ ਸ਼੍ਰੀ ਕਰਨਜੀਤ ਸ਼ਰਮਾ, ਡਾ. ਸਰਬਜੀਤ ਸਿੰਘ, ਸ਼੍ਰੀ ਦਿਨੇਸ਼ ਕਾਲੀਆ, ਪ੍ਰੋ. ਰਾਜ ਕੌਰ, ਮਿਊਜ਼ਿਕ ਵਿਭਾਗ ਅਤੇ ਹਾਸਪਿਟਾਲਿਟੀ-ਡਿਸ਼ਪਲਿਨ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।
ਅੰਤ ਵਿੱਚ, ਡਾ. ਸਰਬਜੀਤ ਸਿੰਘ ਨੇ ਕਾਲਜ ਵੱਲੋਂ ਅਤੇ ਪਰਮਿੰਦਰ ਸੈਣੀ ਨੇ “ਮਿਸ਼ਨ ਉਮੀਦ” ਵੱਲੋਂ ਧੰਨਵਾਦ ਪ੍ਰਗਟ ਕੀਤਾ।











