ਲਗਭਗ 402 ਕਰੋੜ ਦੀ ਲਾਗਤ ਨਾਲ ਬਣਿਆ ਪ੍ਰੋਜੈਕਟ ਅੰਤਿਮ ਪੜਾਅ ‘ਚ — ਪਿੰਡਾਂ ਦੀ ਅਰਥਵਿਵਸਥਾ ਨੂੰ ਮਿਲੇਗਾ ਨਵਾਂ ਉਤਸ਼ਾਹ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 13 ਅਕਤੂਬਰ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਹਿਕਾਰੀ ਖੇਤਰ ਦੇ ਮਜ਼ਬੂਤੀਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ੀ ਮਿਲਣ ਜਾ ਰਹੀ ਹੈ। ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿੱਚ ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤਾ ਜਾ ਰਿਹਾ ਨਵਾਂ ਸ਼ੂਗਰ ਪਲਾਂਟ ਜਲਦ ਹੀ ਚਾਲੂ ਹੋਣ ਜਾ ਰਿਹਾ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਗੰਨਾ ਉਗਾਉਣ ਵਾਲੇ ਕਿਸਾਨਾਂ ਲਈ ਲਾਭਕਾਰੀ ਸਾਬਤ ਹੋਵੇਗਾ, ਸਗੋਂ ਖੇਤਰ ਦੀ ਅਰਥਵਿਵਸਥਾ ਅਤੇ ਰੋਜ਼ਗਾਰ ਮੌਕਿਆਂ ਲਈ ਵੀ ਨਵਾਂ ਅਧਿਆਇ ਖੋਲ੍ਹੇਗਾ।

ਸ਼ੂਗਰਫੈਡ ਦੀ ਪ੍ਰਬੰਧ ਨਿਰਦੇਸ਼ਕ ਸ਼੍ਰੀਮਤੀ ਸੇਨੂ ਦੁੱਗਲ ਨੇ ਪ੍ਰੋਜੈਕਟ ਸਾਈਟ ਦਾ ਦੌਰਾ ਕਰਦੇ ਹੋਏ ਕਿਹਾ ਕਿ, “ਗੁਰਦਾਸਪੁਰ ਕੋਆਪਰੇਟਿਵ ਸ਼ੂਗਰ ਮਿੱਲ ਵਿੱਚ ਨਵੇਂ ਪਲਾਂਟ ਦਾ ਜਲਦ ਹੀ ਉਦਘਾਟਨ ਕੀਤਾ ਜਾਵੇਗਾ। ਇਹ ਸਾਡੀ ਸਰਕਾਰ ਦੇ ਉਸ ਪੱਕੇ ਸੰਕਲਪ ਦਾ ਪ੍ਰਤੀਕ ਹੈ ਕਿ ਅਸੀਂ ਸਹਿਕਾਰੀ ਖੇਤਰ ਨੂੰ ਨਵੀਂ ਤਕਨਾਲੋਜੀ ਨਾਲ ਜੋੜ ਕੇ ਖੇਤੀ ਆਧਾਰਤ ਉਦਯੋਗਾਂ ਨੂੰ ਮਜ਼ਬੂਤ ਕਰੀਏ ਅਤੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰੀਏ।”
ਉਨ੍ਹਾਂ ਦੱਸਿਆ ਕਿ ਲਗਭਗ 402 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਇਹ ਪ੍ਰੋਜੈਕਟ ਹੁਣ ਆਪਣੇ ਅੰਤਿਮ ਪੜਾਅ ਵਿੱਚ ਹੈ। ਮਿੱਲ ਦੀ ਰੋਜ਼ਾਨਾ ਪ੍ਰੋਸੈਸਿੰਗ ਸਮਰੱਥਾ 5,000 ਟਨ ਗੰਨਾ ਹੋਵੇਗੀ, ਜਿਸ ਨਾਲ 28 ਮੈਗਾਵਾਟ ਕੋ-ਜਨਰੇਸ਼ਨ ਪਲਾਂਟ ਵੀ ਸਥਾਪਤ ਕੀਤਾ ਜਾ ਰਿਹਾ ਹੈ। ਇੰਸਟਾਲੇਸ਼ਨ ਅਤੇ ਕਮਿਸ਼ਨਿੰਗ ਦੇ ਕੰਮ ਤੇਜ਼ੀ ਨਾਲ ਜਾਰੀ ਹਨ ਅਤੇ ਜਲਦ ਹੀ ਟਰਾਇਲ ਓਪਰੇਸ਼ਨ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਸ਼੍ਰੀਮਤੀ ਦੁੱਗਲ ਨੇ ਕਿਹਾ, “ਗੁਰਦਾਸਪੁਰ ਸ਼ੂਗਰ ਮਿੱਲ ਪ੍ਰੋਜੈਕਟ ਸਹਿਕਾਰੀ ਉਦਯੋਗ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਹੈ। ਇਸ ਮਿੱਲ ਦੇ ਚਾਲੂ ਹੋਣ ਨਾਲ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਨੂੰ ਤੁਰੰਤ ਭੁਗਤਾਨ, ਨਵੀਂ ਮਾਰਕੀਟ ਅਤੇ ਆਮਦਨ ਵਧਾਉਣ ਦੇ ਮੌਕੇ ਮਿਲਣਗੇ। ਇਸ ਨਾਲ ਖੇਤਰ ਦੇ ਪਿੰਡਾਂ ਦੀ ਅਰਥਵਿਵਸਥਾ ਨੂੰ ਨਵੀਂ ਰਫ਼ਤਾਰ ਮਿਲੇਗੀ।”
ਉਨ੍ਹਾਂ ਦੱਸਿਆ ਕਿ ਮਿੱਲ ਦੇ ਚਾਲੂ ਹੋਣ ਨਾਲ ਸਿਰਫ਼ ਕਿਸਾਨਾਂ ਨੂੰ ਹੀ ਨਹੀਂ, ਸਗੋਂ ਖੇਤਰ ਦੇ ਹਜ਼ਾਰਾਂ ਨੌਜਵਾਨਾਂ ਨੂੰ ਸਿੱਧਾ ਜਾਂ ਅਸਿੱਧਾ ਰੋਜ਼ਗਾਰ ਮਿਲੇਗਾ। ਸ਼ੂਗਰਫੈਡ ਦੀ ਟੀਮ ਇਹ ਯਕੀਨੀ ਬਣਾ ਰਹੀ ਹੈ ਕਿ ਆਉਣ ਵਾਲੇ ਗੰਨਾ ਕ੍ਰਸ਼ਿੰਗ ਸੀਜ਼ਨ ਤੱਕ ਮਿੱਲ ਪੂਰੀ ਤਰ੍ਹਾਂ ਤਿਆਰ ਹੋ ਜਾਵੇ।

ਇਹ ਮਿੱਲ ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ ਜੋ ਊਰਜਾ ਬਚਤ, ਪਾਣੀ ਦੀ ਦੁਬਾਰਾ ਵਰਤੋਂ ਅਤੇ ਵਾਤਾਵਰਨ-ਮਿੱਤਰ ਪ੍ਰਕਿਰਿਆਵਾਂ ਤੇ ਅਧਾਰਤ ਹੋਵੇਗਾ। ਇਸ ਪ੍ਰੋਜੈਕਟ ਨਾਲ ਕੋ-ਜਨਰੇਸ਼ਨ ਦੁਆਰਾ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਵੇਗਾ, ਜਿਸ ਨਾਲ ਨਾ ਸਿਰਫ਼ ਮਿੱਲ ਦੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਵਾਧੂ ਬਿਜਲੀ ਰਾਜ ਗ੍ਰਿਡ ਨੂੰ ਦਿੱਤੀ ਜਾ ਸਕੇਗੀ।
ਸ਼੍ਰੀਮਤੀ ਦੁੱਗਲ ਨੇ ਜ਼ੋਰ ਦੇ ਕੇ ਕਿਹਾ ਕਿ, “ਪੰਜਾਬ ਸਰਕਾਰ ਸਹਿਕਾਰੀ ਸ਼ੂਗਰ ਮਿੱਲਾਂ ਦੇ ਆਧੁਨਿਕੀਕਰਨ, ਕਿਸਾਨਾਂ ਦੀ ਭਲਾਈ ਅਤੇ ਉਦਯੋਗਿਕ ਵਿਕਾਸ ਨੂੰ ਇਕੱਠੇ ਅੱਗੇ ਵਧਾਉਣ ਲਈ ਵਚਨਬੱਧ ਹੈ। ਇਹ ਪ੍ਰੋਜੈਕਟ ਸਹਿਕਾਰੀ ਖੇਤਰ ਵਿੱਚ ਟਿਕਾਊ ਵਿਕਾਸ ਦਾ ਮਾਡਲ ਸਾਬਤ ਹੋਵੇਗਾ।”
ਗੁਰਦਾਸਪੁਰ ਦਾ ਇਹ ਨਵਾਂ ਸ਼ੂਗਰ ਪਲਾਂਟ ਪੰਜਾਬ ਦੇ ਸਹਿਕਾਰੀ ਅੰਦੋਲਨ ਨੂੰ ਨਵੀਂ ਦਿਸ਼ਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ।











