ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਕਾਦੀਆ/ਗੁਰਦਾਸਪੁਰ, 13 ਅਕਤੂਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਵਿਕਾਸ ਕਾਰਜਾਂ ਦੀ ਰਫਤਾਰ ਜਾਰੀ ਹੈ, ਜਿਸ ਦੇ ਚੱਲਦਿਆਂ ਕਾਦੀਆਂ ਹਲਕੇ ਦੇ ਇੰਚਾਰਜ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਹਲਕਾ ਕਾਦੀਆ ਦੇ ਪਿੰਡ ਰਾਜੂਬੇਲਾ ਤੋਂ ਧੁੱਸੀ ਬੰਨ੍ਹ ਤੱਕ ਦੀ ਸੜਕ ਦੀ 48 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਨ ਦਾ ਨੀਂਹ-ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਦਿ੍ਰੜ ਸੰਕਲਪ ਹਨ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਤਿੰਨ ਮਾਰਕਿਟ ਕਮੇਟੀਆਂ ਕਾਹਨੂੰਵਾਨ, ਕਾਦੀਆਂ ਅਤੇ ਧਾਰੀਵਾਲ ਪੈਂਦੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਤਿੰਨਾਂ ਮਾਰਕਿਟ ਕਮੇਟੀਆਂ ਅਧੀਨ ਆਉਂਦੀਆਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਆਉਂਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਦੇ ਕਾਰਜ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਦੌਰਾਨ ਇਸ ਦੀ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ ਅਤੇ 5 ਸਾਲ ਤੱਕ ਸੜਕ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਹੀ ਹੋਵੇਗੀ।











