Share & like

ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ/ਬਰਨਾਲਾ, 12 ਅਕਤੂਬਰ:
ਪੰਜਾਬ ਨੂੰ ਗੈਂਗਸਟਰਮੁਕਤ ਅਤੇ ਸੁਰੱਖਿਅਤ ਸੂਬਾ ਬਣਾਉਣ ਦੀ ਮੁਹਿੰਮ ਤਹਿਤ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਬਰਨਾਲਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਿਤ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਛੇ ਪਿਸਤੌਲ ਤੇ 19 ਜ਼ਿੰਦੇ ਕਾਰਤੂਸ ਬਰਾਮਦ ਕੀਤੇ ਹਨ।
ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਸ਼ਖ਼ਸਾਂ ਦੀ ਪਛਾਣ ਸੰਦੀਪ ਸਿੰਘ ਵਾਸੀ ਹਨੂੰਮਾਨਗੜ੍ਹ (ਰਾਜਸਥਾਨ) ਅਤੇ ਸ਼ੇਖਰ ਵਾਸੀ ਕੈਥਲ (ਹਰਿਆਣਾ) ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਇੱਕ PX5 ਪਿਸਤੌਲ, ਇੱਕ .30 ਬੋਰ ਅਤੇ ਚਾਰ .32 ਬੋਰ ਦੇ ਪਿਸਤੌਲ ਬਰਾਮਦ ਹੋਏ ਹਨ। ਪੁਲਿਸ ਨੇ ਉਨ੍ਹਾਂ ਦੀ ਮਾਰੂਤੀ ਸਵਿਫਟ ਕਾਰ (ਨੰਬਰ PB 01 AX 0945) ਵੀ ਜ਼ਬਤ ਕੀਤੀ ਹੈ, ਜਿਸਦਾ ਇਸਤੇਮਾਲ ਹਥਿਆਰਾਂ ਦੀ ਡਲੀਵਰੀ ਲਈ ਕੀਤਾ ਜਾ ਰਿਹਾ ਸੀ।

ਡੀਜੀਪੀ ਨੇ ਕਿਹਾ ਕਿ ਪ੍ਰਾਰੰਭਿਕ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਦੋਵੇਂ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ ਅਤੇ ਸੂਬੇ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦੇਣ ਲਈ ਬੰਬੀਹਾ ਗੈਂਗ ਦੇ ਗੁਰਗਿਆਂ ਨੂੰ ਇਹ ਹਥਿਆਰ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਸਨ।
ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਏਜੀਟੀਐਫ ਨੂੰ ਖਾਸ ਤਕਨੀਕੀ ਤੇ ਮਨੁੱਖੀ ਸੂਚਨਾ ਮਿਲੀ ਸੀ ਕਿ ਬੰਬੀਹਾ ਗੈਂਗ ਵੱਲੋਂ ਵੱਡੇ ਅਪਰਾਧਾਂ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ, ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਬਰਨਾਲਾ-ਬਠਿੰਡਾ ਮੁੱਖ ਸੜਕ ‘ਤੇ ਪਿੰਡ ਧੌਲਾ ਨੇੜੇ ਡਰੇਨ ਕੋਲੋਂ ਦੋਵਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਆਪ੍ਰੇਸ਼ਨ ਦੀ ਅਗਵਾਈ ਇੰਸਪੈਕਟਰ ਵਿਕਰਮ (ਏਜੀਟੀਐਫ) ਅਤੇ ਇੰਸਪੈਕਟਰ ਬਲਜੀਤ ਸਿੰਘ (ਸੀਆਈਏ ਬਰਨਾਲਾ) ਨੇ ਕੀਤੀ।
ਏਆਈਜੀ ਗੋਇਲ ਨੇ ਕਿਹਾ ਕਿ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਨ੍ਹਾਂ ਵਿਰੁੱਧ ਪਹਿਲਾਂ ਵੀ ਅਸਲਾ ਐਕਟ ਤਹਿਤ ਕੇਸ ਦਰਜ ਹਨ।
ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਇਸ ਸਬੰਧੀ ਐਫਆਈਆਰ ਨੰਬਰ 107, ਮਿਤੀ 11 ਅਕਤੂਬਰ 2025 ਨੂੰ ਥਾਣਾ ਰੁੜੇਕੇ ਕਲਾਂ ਵਿਖੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 111 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਦੀ ਸੰਭਾਵਨਾ ਹੈ।




Share & like

Leave a Reply