ਕਲਰਕਾਂ/ਜੂਨੀਅਰ ਅਸਿਸਟੈਂਟਾਂ ਦੀਆਂ ਤਰੱਕੀਆਂ ਕਰਨ ਦੀ ਮੰਗ
ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 10 ਅਕਤੂਬਰ
ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ (ਸਬ ਆਫਿਸ) ਐਸੋਸੀਏਸ਼ਨ ਵੱਲੋਂ ਕਲਰਕਾਂ ਅਤੇ ਜੂਨੀਅਰ ਅਸਿਸਟੈਂਟਾਂ ਦੀਆਂ ਲੰਬੇ ਸਮੇਂ ਤੋਂ ਰੁਕੀਆਂ ਤਰੱਕੀਆਂ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਉਠਾਈ ਗਈ ਹੈ।
ਐਸੋਸੀਏਸ਼ਨ ਵੱਲੋਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪੇ ਯਾਦ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਈ ਸਾਲਾਂ ਤੋਂ ਕਲੈਰੀਕਲ ਕਰਮਚਾਰੀ ਤਰੱਕੀਆਂ ਤੋਂ ਵਾਂਝੇ ਹਨ, ਜਿਸ ਕਾਰਨ ਕਈ ਕਰਮਚਾਰੀ ਬਿਨਾਂ ਤਰੱਕੀ ਦੇ ਹੀ ਸੇਵਾਮੁਕਤ ਹੋ ਰਹੇ ਹਨ। ਇਸ ਨਾਲ ਸਮੂਹ ਮਨਿਸਟੀਰੀਅਲ ਸਟਾਫ਼ ਵਿੱਚ ਭਾਰੀ ਰੋਸ ਪੈਦਾ ਹੋਇਆ ਹੈ।

ਐਸੋਸੀਏਸ਼ਨ ਨੇ ਸਰਕਾਰ ਅਤੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਤਰੱਕੀਆਂ ਦੀ ਪ੍ਰਕਿਰਿਆ ਨੂੰ ਤੁਰੰਤ ਸ਼ੁਰੂ ਕਰਕੇ ਯੋਗ ਕਰਮਚਾਰੀਆਂ ਨੂੰ ਸੀਨੀਅਰ ਸਹਾਇਕਾਂ ਦੇ ਤੌਰ ’ਤੇ ਪੱਦ-ਉੱਨਤੀ ਦੇ ਆਰਡਰ ਜਾਰੀ ਕੀਤੇ ਜਾਣ।

ਇਸ ਮੌਕੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਅਤੇ ਸੂਬਾ ਜਨਰਲ ਸਕੱਤਰ ਪਵਨਦੀਪ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਤੀ 13 ਅਕਤੂਬਰ ਤੋਂ 18 ਅਕਤੂਬਰ 2025 ਤੱਕ ਪੰਜਾਬ ਰਾਜ ਦੇ ਸਿੱਖਿਆ ਵਿਭਾਗ ਦੇ ਸਮੂਹ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਅਤੇ ਸਕੂਲਾਂ ਵਿੱਚ ਦਫ਼ਤਰੀ ਕੰਮਕਾਜ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੌਰਾਨ ਸਾਰਾ ਕਲੈਰੀਕਲ ਅਮਲਾ ਰੋਸ ਵਜੋਂ ਛੁੱਟੀ ਉੱਤੇ ਰਹੇਗਾ।
ਉਹਨਾਂ ਦੱਸਿਆ ਕਿ 19 ਅਕਤੂਬਰ 2025 ਨੂੰ ਸਿੱਖਿਆ ਮੰਤਰੀ ਦੇ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸਮੂਹ ਕਲੈਰੀਕਲ ਅਮਲਾ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕਰੇਗਾ।










