ਉੱਦਮਤਾ ਵਿਸ਼ੇ ਨੂੰ ਲਾਜ਼ਮੀ ਵਿਸ਼ਿਆਂ ਵਿੱਚ ਸ਼ਾਮਲ ਕਰਨਾ ਇਤਿਹਾਸਕ ਕਦਮ:ਡੀਈਓ
ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ‘ਚ ਸਵੈ-ਰੋਜ਼ਗਾਰ ਦੀ ਸੋਚ ਤੇ ਉਦਮਤਾ ਦਾ ਜਜ਼ਬਾ ਪੈਦਾ ਕਰਨਾ: ਪੂਰੇਵਾਲ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 10 ਅਕਤੂਬਰ
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲਾ ਸਿੱਖਿਆ ਅਫ਼ਸਰ (ਸ) ਸ੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਹੇਠ ਅੱਜ ਹਰਦੋਛੰਨੀ ਸੜਕ ‘ਤੇ ਸਥਿਤ ਸੁਖਜਿੰਦਰਾ ਕਾਲਜ ਆਫ ਐਜੂਕੇਸ਼ਨ ਹਯਾਤ ਨਗਰ (ਗੁਰਦਾਸਪੁਰ) ਵਿਖੇ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਲਈ “ਉੱਦਮਤਾ” ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਜ਼ਿਲ੍ਹਾ ਨੋਡਲ ਅਫ਼ਸਰ, ਬਿਜ਼ਨਸ ਬਲਾਸਟਰ ਸ੍ਰੀ ਅਮਰਜੀਤ ਸਿੰਘ ਪੁਰੇਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਿਜ਼ਨਸ ਬਲਾਸਟਰ ਪ੍ਰੋਜੈਕਟ ਦੇ ਪਹਿਲੇ ਫੇਜ਼ ਤਹਿਤ ਜ਼ਿਲ੍ਹੇ ਦੇ 134 ਪ੍ਰਾਈਵੇਟ ਸਕੂਲਾਂ ਨੂੰ ਟ੍ਰੇਨਿੰਗ ਦੇਣ ਦਾ ਟੀਚਾ ਰੱਖਿਆ ਗਿਆ ਸੀ। ਇਸ ਵਿੱਚੋਂ 124 ਸਕੂਲਾਂ ਦੀ ਟ੍ਰੇਨਿੰਗ ਪਹਿਲਾਂ ਹੀ ਪੂਰੀ ਕੀਤੀ ਜਾ ਚੁੱਕੀ ਹੈ, ਜਦਕਿ ਰਹਿੰਦੇ 10 ਸਕੂਲਾਂ ਦੀ ਟ੍ਰੇਨਿੰਗ ਵੀ ਅੱਜ ਪੂਰੀ ਹੋ ਗਈ ਹੈ।
ਸ੍ਰੀ ਪੁਰੇਵਾਲ ਨੇ ਜਾਣਕਾਰੀ ਦਿੱਤੀ ਕਿ ਹੁਣ ਇਹ ਟ੍ਰੇਨਡ ਅਧਿਆਪਕ ਆਪਣੇ ਸਕੂਲ ਪੱਧਰ ‘ਤੇ ਜਾ ਕੇ 10+1 ਜਮਾਤ ਦੇ ਜਮਾਤ ਇੰਚਾਰਜਾਂ ਨੂੰ ਟ੍ਰੇਨਿੰਗ ਦੇਣਗੇ, ਤਾਂ ਜੋ ਵਿਦਿਆਰਥੀਆਂ ਤੱਕ ਇਹ ਪ੍ਰੋਗਰਾਮ ਸਫਲਤਾਪੂਰਵਕ ਪਹੁੰਚ ਸਕੇ।

ਉਨ੍ਹਾਂ ਦੱਸਿਆ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਤਹਿਤ ਉੱਦਮਤਾ ਵਿਸ਼ਾ ਦੋ ਫੇਜ਼ਾਂ ਵਿੱਚ ਕਵਰ ਕੀਤਾ ਜਾ ਰਿਹਾ ਹੈ। ਪਹਿਲਾ ਫੇਜ਼: ਪ੍ਰੀ ਸੀਡ ਮਨੀ ਜੋ 10+1 ਜਮਾਤ ਲਈ ਹੈ ਅਤੇ ਦੂਜਾ ਫੇਜ਼ ਪੋਸਟ ਸੀਡ ਮਨੀ 10+2 ਜਮਾਤ ਦੇ ਵਿਦਿਆਰਥੀਆਂ ਲਈ ਹੈ।
ਉਨ੍ਹਾਂ ਦੱਸਿਆ ਕਿ ਪੋਸਟ ਸੀਡ ਮਨੀ ਫੇਜ਼ ਵਿੱਚ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਸੀਡ ਮਨੀ (ਮੁੱਢਲਾ ਰੁਪਇਆ) ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਨਾਲ ਉਹ ਟੀਮ ਵਰਕ ਦੇ ਜ਼ਰੀਏ ਕਾਰੋਬਾਰੀ ਆਈਡੀਆ ਵਿਕਸਤ ਕਰਦੇ ਹਨ, ਪ੍ਰੋਜੈਕਟ ‘ਤੇ ਕੰਮ ਕਰਦੇ ਹਨ ਅਤੇ ਮੁਨਾਫਾ ਕਮਾ ਕੇ ਆਪਸ ਵਿੱਚ ਵੰਡ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਸਵੈ-ਰੋਜ਼ਗਾਰ ਦੀ ਸੋਚ ਤੇ ਉਦਮਤਾ ਦਾ ਜਜ਼ਬਾ ਪੈਦਾ ਕਰਨਾ ਹੈ, ਤਾਂ ਜੋ ਉਹ ਭਵਿੱਖ ਵਿੱਚ ਨੌਕਰੀ ਮੰਗਣ ਵਾਲੇ ਨਹੀਂ, ਸਗੋਂ ਰੋਜ਼ਗਾਰ ਦੇਣ ਵਾਲੇ ਬਣ ਸਕਣ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਕੌਰ ਨੇ ਵੀ ਟ੍ਰੇਨਿੰਗ ਦੌਰਾਨ ਸ਼ਾਮਲ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਇਸ ਸਾਲ ਤੋਂ ਗਿਆਰਵੀਂ ਜਮਾਤ ਵਿੱਚ ਉੱਦਮਤਾ ਵਿਸ਼ੇ ਨੂੰ ਲਾਜ਼ਮੀ ਵਿਸ਼ਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਇੱਕ ਇਤਿਹਾਸਕ ਕਦਮ ਹੈ। ਇਹ ਵਿਸ਼ਾ ਵਿਦਿਆਰਥੀਆਂ ਨੂੰ ਨਵੀਂ ਸੋਚ, ਵਿਸ਼ਵਾਸ ਅਤੇ ਰਚਨਾਤਮਕਤਾ ਨਾਲ ਜੋੜਦਾ ਹੈ।

ਇਸ ਮੌਕੇ ਉੱਤੇ ਸਿੱਖਿਆ ਵਿਭਾਗ ਦੇ ਕਈ ਅਧਿਕਾਰੀ, ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਬਿਜ਼ਨਸ ਬਲਾਸਟਰ ਟੀਮ ਦੇ ਮੈਂਬਰ ਹਾਜ਼ਰ ਸਨ।










