Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਮੋਹਾਲੀ, 8 ਅਕਤੂਬਰ
ਪੰਜਾਬੀ ਸੰਗੀਤ ਜਗਤ ਲਈ ਅੱਜ ਦਾ ਦਿਨ ਇੱਕ ਵੱਡਾ ਝਟਕਾ ਲੈ ਕੇ ਆਇਆ ਹੈ। ਮਸ਼ਹੂਰ ਗਾਇਕ ਰਾਜਬੀਰ ਸਿੰਘ ਜਵੰਦਾ, ਜਿਨ੍ਹਾਂ ਨੇ ਆਪਣੇ ਦਰਦਭਰੇ ਗੀਤਾਂ ਨਾਲ ਲੱਖਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਸੀ, ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਰਾਜਬੀਰ ਸਿੰਘ ਨੇ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ
ਜਾਣਕਾਰੀ ਅਨੁਸਾਰ, 27 ਸਤੰਬਰ ਨੂੰ ਉਹ ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ, ਜਿਸ ਤੋਂ ਬਾਅਦ ਉਹ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਕੌਮਾ ਤੋਂ ਬਾਹਰ ਨਹੀਂ ਆ ਸਕੇ ਅਤੇ ਆਖ਼ਰਕਾਰ ਅੱਜ ਸਵੇਰੇ ਉਨ੍ਹਾਂ ਨੇ ਜ਼ਿੰਦਗੀ ਦੀ ਜੰਗ ਹਾਰ ਦਿੱਤੀ।


ਰਾਜਬੀਰ ਸਿੰਘ ਜਵੰਦਾ ਨੇ ਆਪਣੀ ਗਾਇਕੀ ਨਾਲ ਪੰਜਾਬੀ ਸੰਗੀਤ ਨੂੰ ਨਵੀਂ ਰੂਹ ਬਖ਼ਸ਼ੀ। ਉਨ੍ਹਾਂ ਦਾ ਮਾਂਵਾਂ ਦੇ ਦਰਦ ਨੂੰ ਦਰਸਾਉਂਦਾ ਗੀਤ “ਖਾਣਾ ਪੀਣਾ ਭੁੱਲ ਜਾਂਦੀਆਂ, ਮਰੇ ਪੁੱਤ ਨਾ ਭੁੱਲਦੀਆਂ ਮਾਵਾਂ” ਹਰ ਸੁਣਨ ਵਾਲੇ ਦੇ ਦਿਲ ਨੂੰ ਛੂਹ ਜਾਣ ਵਾਲਾ ਸੀ। ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਵਿਲੱਖਣ ਦਰਦ ਤੇ ਸੱਚਾਈ ਸੀ, ਜਿਸ ਕਰਕੇ ਉਹ ਘਰ-ਘਰ ਜਾਣੇ ਜਾਂਦੇ ਸਨ।
ਰਾਜਬੀਰ ਦੇ ਅਚਾਨਕ ਚਲੇ ਜਾਣ ਨਾਲ ਪੰਜਾਬੀ ਸੰਗੀਤ ਮੰਚ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਗਾਇਕਾਂ ਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਦੁਖ ਪ੍ਰਗਟਾਇਆ ਹੈ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।
ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਨੇ ਦੱਸਿਆ ਕਿ ਰਾਜਬੀਰ ਸਿੰਘ ਸਿਰਫ਼ ਗਾਇਕ ਹੀ ਨਹੀਂ, ਬਲਕਿ ਬਹੁਤ ਹੀ ਨਿਮਰ ਅਤੇ ਦਿਲ ਦੇ ਸਾਫ਼ ਇਨਸਾਨ ਸਨ। ਉਹ ਹਮੇਸ਼ਾ ਆਪਣੇ ਸੰਗੀਤ ਰਾਹੀਂ ਪੰਜਾਬੀ ਸਭਿਆਚਾਰ ਅਤੇ ਮਾਵਾਂ ਦੇ ਦਰਦ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ।

ਰਾਜਬੀਰ ਸਿੰਘ ਜਵੰਦਾ ਦੇ ਦੇਹਾਂਤ ਨਾਲ ਪੰਜਾਬੀ ਸੰਗੀਤ ਨੇ ਇੱਕ ਹੋਰ ਅਮੋਲ ਹੀਰਾ ਗਵਾ ਦਿੱਤਾ ਹੈ। ਉਹਨਾਂ ਦੀ ਯਾਦ ਅਤੇ ਉਨ੍ਹਾਂ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਹਰ ਦਿਲ ਵਿੱਚ ਗੂੰਜਦੀ ਰਹੇਗੀ।
ਰੋਜ਼ਾਨਾ ਖ਼ਬਰ ਵੱਲੋਂ ਰਾਜਬੀਰ ਸਿੰਘ ਜਵੰਦਾ ਨੂੰ ਸ਼ਰਧਾਂਜਲੀ।


Share & like

Leave a Reply