ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 8 ਅਕਤੂਬਰ
ਸਕੂਲ ਮੈਨੇਜਮੈਂਟ ਕਮੇਟੀ (ਐਸ.ਐਮ.ਸੀ.) ਟ੍ਰੇਨਿੰਗਾਂ ਦੀ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੰਜਾ ਵਿਖੇ ਸੈਂਟਰ ਗੰਜਾ ਦੇ ਨੌਂ ਪ੍ਰਾਇਮਰੀ ਅਤੇ ਦੋ ਮਿਡਲ ਸਕੂਲਾਂ ਦੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਲਈ ਟਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਟਰੇਨਿੰਗ ਦਾ ਆਯੋਜਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀ.ਪੀ.ਈ.ਓ.) ਸ੍ਰੀ ਨਰੇਸ਼ ਕੁਮਾਰ ਪਨਿਆੜ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਲਗਭਗ 120 ਕਮੇਟੀ ਮੈਂਬਰਾਂ ਨੇ ਉਤਸ਼ਾਹਪੂਰਵਕ ਭਾਗ ਲਿਆ।

ਟਰੇਨਿੰਗ ਦੌਰਾਨ ਬੀ.ਪੀ.ਈ.ਓ. ਸ੍ਰੀ ਨਰੇਸ਼ ਕੁਮਾਰ ਪਨਿਆੜ ਨੇ ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਦੇ ਪ੍ਰਬੰਧ ਦੀ ਜਿੰਮੇਵਾਰੀ ਸਿਰਫ਼ ਅਧਿਆਪਕਾਂ ਦੀ ਹੀ ਨਹੀਂ, ਸਗੋਂ ਸਕੂਲ ਮੈਨੇਜਮੈਂਟ ਕਮੇਟੀ ਦੀ ਵੀ ਬਰਾਬਰ ਹੈ। ਜਿੱਥੇ ਅਧਿਆਪਕ ਵਿਦਿਆਰਥੀਆਂ ਦੀ ਸਿੱਖਿਆ ਲਈ ਵਚਨਬੱਧ ਹਨ, ਉੱਥੇ ਕਮੇਟੀ ਮੈਂਬਰਾਂ ਨੂੰ ਸਕੂਲ ਦੀ ਸਾਂਭ-ਸੰਭਾਲ, ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਤਨ ਮਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਕਾਸ ਲਈ ਅਧਿਆਪਕਾਂ ਤੇ ਕਮੇਟੀ ਮੈਂਬਰਾਂ ਵਿੱਚ ਤਾਲਮੇਲ ਬਹੁਤ ਜ਼ਰੂਰੀ ਹੈ, ਤਾਂ ਜੋ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਜਾ ਸਕੇ। ਉਹਨਾਂ ਇਹ ਵੀ ਉਲੇਖ ਕੀਤਾ ਕਿ ਸਕੂਲ ਮੈਨੇਜਮੈਂਟ ਕਮੇਟੀ ਇਹ ਯਕੀਨੀ ਬਣਾਵੇ ਕਿ ਕੁੜੀਆਂ ਅਤੇ ਮੁੰਡਿਆਂ ਦੋਵਾਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਪੜ੍ਹਾਈ ਦੀ ਪ੍ਰਕਿਰਿਆ ਚਲਾਈ ਜਾਵੇ।

ਸਿੱਖਿਆ ਸ਼ਾਸਤਰੀ ਸੰਸਾਰ ਸਿੰਘ ਨੇ ਕਿਹਾ ਕਿ ਐਸ.ਐਮ.ਸੀ. ਮੈਂਬਰਾਂ ਦੀ ਜਿੰਮੇਵਾਰੀ ਹੈ ਕਿ ਉਹ ਸਕੂਲਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਸਹਿਯੋਗ ਦੇਣ ਅਤੇ ਬੱਚਿਆਂ ਦੀ ਗਿਣਤੀ ਵਧਾਉਣ ਲਈ ਯਤਨ ਕਰਨ। ਉਹਨਾਂ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਸ਼ਬਦ ਯਾਦ ਕਰਵਾਏ — “ਵਿੱਦਿਆ ਸ਼ੇਰਨੀ ਦਾ ਦੁੱਧ ਹੈ, ਜੋ ਪੀਵੇਗਾ ਉਹ ਦਹਾੜੇਗਾ।

ਬਲਾਕ ਰਿਸੋਰਸ ਕੋਆਰਡੀਨੇਟਰ (ਬੀ.ਆਰ.ਸੀ.) ਮਨਜੀਤ ਸਿੰਘ ਨੇ ਐਸ.ਐਮ.ਸੀ. ਦੀ ਰਚਨਾ, ਕੰਮਕਾਜ ਅਤੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕਮੇਟੀ ਨੂੰ ਸਕੂਲ ਦੇ ਸਿੱਖਿਆਕ, ਵਿੱਤੀ ਅਤੇ ਪ੍ਰਬੰਧਕੀ ਪੱਖਾਂ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਇਸ ਮੌਕੇ ਬੀ.ਆਰ.ਸੀ. ਸੁਮਿਤ ਮਹਾਜਨ, ਸਿੱਖਿਆ ਸ਼ਾਸਤਰੀ ਪਰਦੀਪ ਸਿੰਘ, ਸੈਂਟਰ ਹੈਡ ਟੀਚਰ ਅਤੁਲ ਮਹਾਜਨ, ਹੈਡ ਟੀਚਰ ਮੈਡਮ ਨਿਧੀ, ਦਿਲਜੀਤ ਸਿੰਘ, ਬਲਵਿੰਦਰ ਕੌਰ, ਰਮਿੰਦਰ ਕੌਰ, ਬਲਜੀਤ ਸਿੰਘ, ਪ੍ਰੇਮ ਲਾਲ, ਸੰਦੀਪ ਕੁਮਾਰ, ਅਮਨਦੀਪ ਕੌਰ, ਰਵਿੰਦਰ ਕੌਰ, ਰਾਜਿੰਦਰ ਕੁਮਾਰ (ਇੰਚਾਰਜ ਸਰਕਾਰੀ ਮਿਡਲ ਸਕੂਲ ਸੁਲਤਾਨੀ), ਮੈਡਮ ਮਧੂ (ਇੰਚਾਰਜ ਸਰਕਾਰੀ ਮਿਡਲ ਸਕੂਲ ਗੰਜਾ), ਅਤੇ ਮੁਕੇਸ਼ ਸ਼ਰਮਾ ਆਦਿ ਵਿਅਕਤੀ ਮੌਜੂਦ ਸਨ।

ਸਮਾਪਤੀ ਤੇ ਬੀ.ਪੀ.ਈ.ਓ. ਸ੍ਰੀ ਨਰੇਸ਼ ਕੁਮਾਰ ਪਨਿਆੜ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਸਕੂਲਾਂ ਦੇ ਮਿਆਰੀ ਪ੍ਰਬੰਧ ਵਿੱਚ ਮਦਦਗਾਰ ਸਾਬਤ ਹੋਣਗੀਆਂ ਅਤੇ ਸਿੱਖਿਆ ਦੇ ਮਾਹੌਲ ਨੂੰ ਹੋਰ ਸੁਧਾਰਨ ਵਿੱਚ ਯੋਗਦਾਨ ਪਾਉਣਗੀਆਂ।










