Share & like

ਪਤਨੀ ਅਮਨੀਤ ਪੀ ਕੁਮਾਰ ਇਸ ਵੇਲੇ ਜਾਪਾਨ ਦੌਰੇ ‘ਤੇ

ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 7 ਅਕਤੂਬਰ
ਹਰਿਆਣਾ ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ADGP) ਵਾਈ ਪੂਰਨ ਕੁਮਾਰ ਮੰਗਲਵਾਰ ਸਵੇਰੇ ਚੰਡੀਗੜ੍ਹ ਸਥਿਤ ਆਪਣੇ ਸੈਕਟਰ 11 ਵਾਲੇ ਘਰ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ। ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਖੁਦਕੁਸ਼ੀ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਟੀਮਾਂ ਅਤੇ ਫੋਰੈਂਸਿਕ ਮਾਹਿਰ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸੂਤਰਾਂ ਮੁਤਾਬਕ ਇਹ ਦਰਦਨਾਕ ਘਟਨਾ ਮੰਗਲਵਾਰ ਸਵੇਰੇ ਵਾਪਰੀ। ਪੂਰਨ ਕੁਮਾਰ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ ਵਿਖੇ ਤਾਇਨਾਤ ਸਨ। ਉਨ੍ਹਾਂ ਦੀ ਪਤਨੀ ਅਮਨੀਤ ਪੀ ਕੁਮਾਰ, ਜੋ ਇੱਕ ਸੀਨੀਅਰ ਆਈਏਐਸ ਅਫ਼ਸਰ ਹਨ, ਘਰ ਵਿੱਚ ਮੌਜੂਦ ਨਹੀਂ ਸਨ। ਉਹ ਇਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਜਾਪਾਨ ਗਏ ਸਰਕਾਰੀ ਵਫ਼ਦ ਦਾ ਹਿੱਸਾ ਹਨ।
ਪੂਰਨ ਕੁਮਾਰ ਹਰਿਆਣਾ ਕਾਡਰ ਦੇ ਸਤਿਕਾਰ ਜੋਗ ਪੁਲੀਸ ਅਧਿਕਾਰੀ ਸਨ, ਜਿਨ੍ਹਾਂ ਨੇ ਆਪਣੇ ਲੰਬੇ ਕਰੀਅਰ ਦੌਰਾਨ ਕਈ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਨੇ ਪੁਲੀਸ ਅਤੇ ਪ੍ਰਸ਼ਾਸਨਿਕ ਵਰਗਾਂ ਵਿੱਚ ਗਹਿਰਾ ਦੁੱਖ ਤੇ ਸਦਮਾ ਪੈਦਾ ਕੀਤਾ ਹੈ।

ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਸਹੀ ਕਾਰਣਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।


Share & like

Leave a Reply