ਪੰਜਾਬ ਵਿਜੀਲੈਂਸ ਅਧਿਕਾਰੀਆਂ ਦੇ ਨਾਂ ’ਤੇ ਮੰਗੀ ਗਈ ਸੀ ਰਿਸ਼ਵਤ; ਸੈਮਸੰਗ ਫੋਲਡ ਫੋਨ ਵੀ ਸੌਦੇ ’ਚ ਸ਼ਾਮਲ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 12 ਮਈ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨਾਂ ’ਤੇ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਦੋ ਦਲਾਲਾਂ ਸਮੇਤ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਵਿਜੀਲੈਂਸ ਵਿਭਾਗ ਦਾ ਇੱਕ ਰੀਡਰ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ।
ਸੀਬੀਆਈ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਟੈਕਸ ਵਿਭਾਗ ਦੇ ਇੱਕ ਅਧਿਕਾਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸਦੇ ਪੁੱਤਰ ਰਾਘਵ ਗੋਇਲ ਵੱਲੋਂ ਉਸਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਵਿੱਚ ਚੱਲ ਰਹੀ ਸ਼ਿਕਾਇਤ ਨੂੰ ਰਫ਼ਾ-ਦਫ਼ਾ ਕਰਨ ਲਈ 20 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ।
ਸ਼ਿਕਾਇਤ ਵਿੱਚ ਇਹ ਵੀ ਦੱਸਿਆ ਗਿਆ ਕਿ ਦੋਵੇਂ ਪਿਉ-ਪੁੱਤਰ ਵਿਜੀਲੈਂਸ ਦੇ ਕੁਝ ਸੀਨੀਅਰ ਅਧਿਕਾਰੀਆਂ ਦੇ ਵਿਚੋਲਿਆਂ ਵਜੋਂ ਕੰਮ ਕਰ ਰਹੇ ਸਨ। ਇਸ ਸਾਰੇ ਮਾਮਲੇ ਵਿੱਚ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਦੇ ਰੀਡਰ ਓ.ਪੀ. ਰਾਣਾ ਦਾ ਨਾਮ ਵੀ ਸਾਹਮਣੇ ਆਇਆ ਹੈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਪਹਿਲਾਂ 20 ਲੱਖ ਰੁਪਏ ਦੀ ਮੰਗ ਕੀਤੀ ਸੀ, ਪਰ ਬਾਅਦ ਵਿੱਚ ਇਹ ਰਕਮ ਘਟਾ ਕੇ 13 ਲੱਖ ਰੁਪਏ ਕਰ ਦਿੱਤੀ ਗਈ। ਨਾਲ ਹੀ ਰੀਡਰ ਰਾਣਾ ਲਈ ਇੱਕ ਮਹਿੰਗਾ ਸੈਮਸੰਗ ਗਲੈਕਸੀ ਜ਼ੈੱਡ ਫੋਲਡ 7 ਮੋਬਾਈਲ ਫੋਨ ਦੇਣ ਦੀ ਵੀ ਮੰਗ ਕੀਤੀ ਗਈ ਸੀ।
ਸੀਬੀਆਈ ਨੇ 11 ਮਈ ਨੂੰ ਚੰਡੀਗੜ੍ਹ ਵਿੱਚ ਟਰੈਪ ਲਗਾ ਕੇ ਗੋਇਲ ਪਰਿਵਾਰ ਦੇ ਸਾਥੀ ਅੰਕਿਤ ਵਧਵਾ ਨੂੰ ਸ਼ਿਕਾਇਤਕਰਤਾ ਤੋਂ 13 ਲੱਖ ਰੁਪਏ ਨਕਦ ਅਤੇ ਮੋਬਾਈਲ ਫੋਨ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਟੀਮ ਨੇ ਮੌਕੇ ਤੋਂ ਰਿਸ਼ਵਤ ਦੀ ਰਕਮ ਅਤੇ ਮੋਬਾਈਲ ਫੋਨ ਬਰਾਮਦ ਕਰ ਲਏ।
ਇਸ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਪੰਜਾਬ-ਹਰਿਆਣਾ ਸਰਹੱਦ ਨੇੜੇ ਅੰਬਾਲਾ ਕੋਲ ਫਿਲਮੀ ਅੰਦਾਜ਼ ਵਿੱਚ ਕਾਰਵਾਈ ਕਰਦਿਆਂ ਰਾਘਵ ਗੋਇਲ, ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਨ੍ਹਾਂ ਦੇ ਦੋ ਗੰਨਮੈਨਾਂ ਨੂੰ ਵੀ ਕਾਬੂ ਕਰ ਲਿਆ।

ਹਾਲਾਂਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਮੰਨੇ ਜਾ ਰਹੇ ਰੀਡਰ ਓ.ਪੀ. ਰਾਣਾ ਦੀ ਗ੍ਰਿਫ਼ਤਾਰੀ ਹਾਲੇ ਨਹੀਂ ਹੋ ਸਕੀ ਅਤੇ ਉਹ ਫਰਾਰ ਦੱਸਿਆ ਜਾ ਰਿਹਾ ਹੈ। ਸੀਬੀਆਈ ਵੱਲੋਂ ਮਾਮਲੇ ਦੀ ਅਗਲੇ ਪੱਧਰ ’ਤੇ ਜਾਂਚ ਜਾਰੀ ਹੈ।










