Share & like

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਵਿਕਾਸ ਯੋਜਨਾ ‘ਤੇ 25 ਕਰੋੜ ਦੀ ਲਾਗਤ

ਪੰਜ ਤਖ਼ਤ ਸਹਿਬਾਨ ਨੂੰ ਰੇਲ ਮਾਰਗ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਕੋਲ ਮਾਮਲਾ ਉਠਾਇਆ ਜਾਵੇਗਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਸ੍ਰੀ ਅਨੰਦਪੁਰ ਸਾਹਿਬ, 5 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਵਿੱਚ 18 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ।
ਉਨ੍ਹਾਂ ਕਿਹਾ ਕਿ ਇਹ ਉਹਨਾਂ ਲਈ ਮਾਣ ਦੀ ਗੱਲ ਹੈ ਕਿ ਵਾਹਿਗੁਰੂ ਨੇ ਉਨ੍ਹਾਂ ਨੂੰ ਇਸ ਸੇਵਾ ਦਾ ਮੌਕਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਦਾ ਇਤਿਹਾਸਕ ਘਟਨਾਵਾਂ ਦਾ ਕੇਂਦਰ ਰਿਹਾ ਹੈ।
ਇਥੇ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਅੱਜ ਵੀ ਇਸ ਧਰਤੀ ਤੋਂ ਅਧਿਆਤਮਿਕ ਤਾਕਤ ਅਤੇ ਹੌਸਲਾ ਪ੍ਰਾਪਤ ਕਰਦੇ ਹਨ।

ਭਗਵੰਤ ਮਾਨ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਚਿੱਟੇ ਸੰਗਮਰਮਰ ਨਾਲ ਵਿਰਾਸਤੀ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ।
ਇਹ ਪ੍ਰੋਜੈਕਟ 25 ਕਰੋੜ ਰੁਪਏ ਦੀ ਲਾਗਤ ਨਾਲ 31 ਮਾਰਚ 2026 ਤੱਕ ਪੂਰਾ ਹੋਵੇਗਾ।
ਮਾਰਗ ਦੀ ਕੁੱਲ ਲੰਬਾਈ 580 ਮੀਟਰ ਹੋਵੇਗੀ ਜਿਸਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹਿੱਸਾ ਪਵਿੱਤਰ ਸਰੋਵਰ ਦੇ ਸਾਹਮਣੇ ਤੋਂ ਲੰਘੇਗਾ ਅਤੇ ਦੂਜਾ ਹਿੱਸਾ ਤਖ਼ਤ ਸਾਹਿਬ ਤੱਕ ਜਾਣ ਵਾਲੀਆਂ ਪੌੜੀਆਂ ਦੇ ਨਾਲ ਹੋਵੇਗਾ। ਸ਼ਰਧਾਲੂਆਂ ਦੀ ਸਹੂਲਤ ਲਈ ਰਸਤੇ ਦੇ ਦੋਵੇਂ ਪਾਸੇ ਸੰਗਮਰਮਰ ਦੇ ਫੁੱਟਪਾਥ ਅਤੇ ਛਾਂਦਾਰ ਰੁੱਖ ਲਗਾਏ ਜਾਣਗੇ। ਇਸ ਮਾਰਗ ਦੇ ਦੋਵੇਂ ਪਾਸੇ ਖਾਲਸਾ ਪੰਥ ਦੇ ਇਤਿਹਾਸ ਦੀ ਕਲਾਤਮਕ ਪੇਂਟਿੰਗਾਂ ਰਾਹੀਂ ਪ੍ਰਸਤੁਤੀ ਕੀਤੀ ਜਾਵੇਗੀ।

ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਨ ਲਈ ਪ੍ਰਵੇਸ਼ ਦੁਆਰ ‘ਤੇ ਇੱਕ ਵੱਡਾ ਤੇ ਸੁੰਦਰ ਮੁੱਖ ਗੇਟ ਤਿਆਰ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸਰੋਵਰ, ਪਾਰਕਿੰਗ ਖੇਤਰ ਅਤੇ ਹੋਰ ਰਸਤੇ ਲਈ ਵੱਖ-ਵੱਖ ਗੇਟ ਬਣਾਏ ਜਾਣਗੇ ਤਾਂ ਜੋ ਡਿਜ਼ਾਈਨ ਵਿੱਚ ਇਕਸਾਰਤਾ ਬਣੀ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਸ਼ਵ ਪੱਧਰੀ ਧਾਰਮਿਕ ਸੈਰ-ਸਪਾਟੇ ਦੇ ਕੇਂਦਰ ਵਜੋਂ ਉਭਾਰੇਗਾ।
ਇਸ ਨਾਲ ਨਾ ਸਿਰਫ਼ ਸਥਾਨਕ ਰੋਜ਼ਗਾਰ ਵਧੇਗਾ ਬਲਕਿ ਪੰਜਾਬ ਦੀ ਸੰਸਕ੍ਰਿਤਕ ਪਛਾਣ ਵੀ ਹੋਰ ਮਜ਼ਬੂਤ ਹੋਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜ ਤਖ਼ਤ ਸਹਿਬਾਨ ਨੂੰ ਰੇਲ ਮਾਰਗ ਰਾਹੀਂ ਜੋੜਨ ਦਾ ਮੁੱਦਾ ਕੇਂਦਰ ਸਰਕਾਰ ਅੱਗੇ ਜ਼ੋਰਦਾਰ ਢੰਗ ਨਾਲ ਰੱਖੇਗੀ।
ਉਨ੍ਹਾਂ ਕਿਹਾ ਕਿ ਇਹ ਉਪਰਾਲਾ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਦੇਣ ਦੇ ਨਾਲ ਧਾਰਮਿਕ ਸੈਰ-ਸਪਾਟੇ ਨੂੰ ਵੀ ਵਧਾਵੇਗਾ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ-ਮਾਤਾ ਨੈਣਾ ਦੇਵੀ ਰੋਪਵੇਅ ਪ੍ਰੋਜੈਕਟ ‘ਤੇ ਜਲਦੀ ਹੀ ਕੰਮ ਸ਼ੁਰੂ ਕਰਨ ਲਈ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਹਨ।

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਤਰੁਣਪ੍ਰੀਤ ਸਿੰਘ ਸੌਂਦ, ਸਲਾਹਕਾਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦੀਪਕ ਬਾਲੀ ਆਦਿ ਹਾਜ਼ਰ ਸਨ।


Share & like

Leave a Reply