Share & like

ਸ੍ਰੀ ਆਨੰਦਪੁਰ ਸਾਹਿਬ ਵਿੱਚ ਹੈਰੀਟੇਜ ਸਟਰੀਟ ਦਾ ਨੀਂਹ ਪੱਥਰ ਰੱਖਿਆ

ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ ਬਿਊਰੋ
ਸ੍ਰੀ ਆਨੰਦਪੁਰ ਸਾਹਿਬ, 5 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕਰਦਿਆਂ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ। ਇਸ ਮੌਕੇ ਉਨ੍ਹਾਂ ਨੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ “ਹੈਰੀਟੇਜ ਸਟਰੀਟ” ਦਾ ਨੀਂਹ ਪੱਥਰ ਰੱਖਿਆ, ਜੋ ਸਿੱਖ ਧਰਮ ਦੇ ਮਹੱਤਵਪੂਰਨ ਤੀਰਥ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਮਾਰਗ ਨਾਲ ਜੋੜੀ ਹੋਈ ਹੈ।
ਹੈਰੀਟੇਜ ਸਟਰੀਟ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਉਨ੍ਹਾਂ ਨੇ ਕਿਹਾ ਕਿ ਇਹ ਮੌਕਾ ਉਨ੍ਹਾਂ ਲਈ ਆਤਮਿਕ ਸੰਤੁਸ਼ਟੀ ਦੇ ਨਾਲ ਨਾਲ ਗੌਰਵ ਦਾ ਵਿਸ਼ਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਵਿਰਾਸਤੀ ਸੜਕ ਤਕਰੀਬਨ 55 ਸਾਲਾਂ ਬਾਅਦ ਬਣਾਈ ਜਾ ਰਹੀ ਹੈ, ਜੋ ਸ੍ਰੀ ਆਨੰਦਪੁਰ ਸਾਹਿਬ ਦੀ ਪੁਰਾਣੀ ਸ਼ਾਨ ਨੂੰ ਮੁੜ ਜਗਾਏਗੀ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ “ਵਾਈਟ ਸਿਟੀ” ਦੀ ਤਰ੍ਹਾਂ ਵਿਕਸਤ ਕੀਤਾ ਜਾਵੇਗਾ, ਕਿਉਂਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਇਹ ਨਾਮ ਉਸਦੀ ਪਵਿੱਤਰਤਾ ਤੇ ਸੁੰਦਰਤਾ ਕਰਕੇ ਮਿਲਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਸੜਕ ਦੀ ਉਸਾਰੀ ਵਿੱਚ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ ਜਾਵੇਗੀ ਅਤੇ ਛੇ ਵਿਸ਼ਾਲ ਦਰਵਾਜ਼ੇ ਬਣਾਏ ਜਾਣਗੇ, ਜੋ ਪੰਜਾਬ ਦੀ ਪੁਰਾਤਨ ਵਿਰਾਸਤ ਨਾਲ ਜੋੜੇ ਹੋਣਗੇ। ਇਸ ਨਾਲ ਇਹ ਮਾਰਗ ਸਿਰਫ਼ ਆਵਾਜਾਈ ਦਾ ਰਸਤਾ ਨਹੀਂ, ਸਗੋਂ ਸਿੱਖ ਇਤਿਹਾਸ ਅਤੇ ਕਲਾ ਦਾ ਪ੍ਰਤੀਕ ਬਣੇਗਾ।

ਮਾਨ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮੁਹੱਲਾ ਸਮੇਤ ਕਈ ਇਤਿਹਾਸਕ ਮੇਲੇ ਲੱਗਦੇ ਹਨ, ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਹੈਰੀਟੇਜ ਸਟਰੀਟ ਦੇ ਬਣਨ ਨਾਲ ਤੀਰਥ ਯਾਤਰੀਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ ਅਤੇ ਸਥਾਨਕ ਆਰਥਿਕਤਾ ਨੂੰ ਵੀ ਬੜਾ ਫ਼ਾਇਦਾ ਹੋਵੇਗਾ।
ਇਸ ਮੌਕੇ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਤੱਕ ਰੋਪਵੇ ਪ੍ਰੋਜੈਕਟ ’ਤੇ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਦੋ ਤੀਰਥ ਸਥਾਨਾਂ ਵਿਚਕਾਰ ਯਾਤਰਾ ਸੁਗਮ ਹੋਵੇਗੀ।

ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਧਾਰਮਿਕ, ਸੱਭਿਆਚਾਰਕ ਤੇ ਵਿਰਾਸਤੀ ਸ਼ਾਨ ਨੂੰ ਉਭਾਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, “ਅਸੀਂ ਸਿਰਫ਼ ਇਮਾਰਤਾਂ ਨਹੀਂ, ਭਵਿੱਖ ਦੀਆਂ ਪੀੜ੍ਹੀਆਂ ਲਈ ਇਤਿਹਾਸ ਦੀ ਜੀਵੰਤ ਮਿਸਾਲਾਂ ਖੜ੍ਹੀਆਂ ਕਰ ਰਹੇ ਹਾਂ।”


Share & like

Leave a Reply