ਖਰਾਬੇ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਦੀ ਮੰਗ, ਕਿਸਾਨ-ਮਜ਼ਦੂਰਾਂ ਵਿੱਚ ਰੋਸ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 5 ਅਕਤੂਬਰ
ਸ਼ਹੀਦ ਬਲਜੀਤ ਸਿੰਘ ਭਵਨ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ) ਦੀ ਇੱਕ ਭਰਵੀ ਮੀਟਿੰਗ ਜਮਹੂਰੀ ਕਿਸਾਨ ਸਭਾ ਦੇ ਸਾਥੀ ਅਜੀਤ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਗੁਰਮੀਤ ਸਿੰਘ ਬਾਜਵੇ ਦੇ ਵੱਡੇ ਭਰਾ ਅਤੇ ਹਰਜੀਤ ਸਿੰਘ ਕਾਹਲੋਂ ਦੇ ਰਿਸ਼ਤੇਦਾਰ ਦੇ ਦੇਹਾਂਤ ‘ਤੇ ਸ਼ੋਕ ਪ੍ਰਗਟਾਵੇ ਨਾਲ ਕੀਤੀ ਗਈ।
ਇਹ ਮੀਟਿੰਗ 8 ਅਕਤੂਬਰ (ਬੁੱਧਵਾਰ) ਨੂੰ ਡੀ.ਸੀ. ਦਫ਼ਤਰ ਗੁਰਦਾਸਪੁਰ ਸਾਹਮਣੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਦਿੱਤੇ ਜਾਣ ਵਾਲੇ ਵਿਸ਼ਾਲ ਧਰਨੇ ਦੀ ਤਿਆਰੀ ਲਈ ਆਯੋਜਿਤ ਕੀਤੀ ਗਈ। ਧਰਨੇ ਵਿੱਚ ਮੁੱਖ ਮੰਗਾਂ ਵਿੱਚ ਫਸਲਾਂ, ਸਬਜ਼ੀਆਂ, ਮਕਾਨਾਂ, ਦੁਕਾਨਾਂ, ਪਸ਼ੂਆਂ, ਮੁਰਗੀਆਂ ਅਤੇ ਮਜ਼ਦੂਰਾਂ ਨੂੰ ਹੋਏ ਖਰਾਬੇ ਦਾ ਤੁਰੰਤ ਅਤੇ ਪੂਰਾ ਮੁਆਵਜ਼ਾ ਜਾਰੀ ਕਰਨਾ ਸ਼ਾਮਲ ਹੈ।

ਆਗੂਆਂ ਨੇ ਕਿਹਾ ਕਿ ਪ੍ਰਤੀ ਏਕੜ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਿਰਫ਼ ਝੋਨੇ ਹੀ ਨਹੀਂ ਸਗੋਂ ਸਬਜ਼ੀਆਂ ਤੇ ਹੋਰ ਫਸਲਾਂ ਦਾ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਉਹ ਮਜ਼ਦੂਰ ਜਿਹੜੇ ਹੜ੍ਹ ਦੌਰਾਨ ਕੰਮ ‘ਤੇ ਨਹੀਂ ਜਾ ਸਕੇ, ਦੁਕਾਨਦਾਰ ਜਿਨ੍ਹਾਂ ਦਾ ਕਾਰੋਬਾਰ ਠੱਪ ਰਿਹਾ ਅਤੇ ਪੋਲਟਰੀ ਫਾਰਮਾਂ ‘ਚ ਮੁਰਗੀਆਂ ਮਰ ਗਈਆਂ ਹਨ ਉਨ੍ਹਾਂ ਸਭ ਨੂੰ ਵੀ ਮੁਆਵਜ਼ਾ ਮਿਲਣਾ ਲਾਜ਼ਮੀ ਹੈ।
ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਸਿਰਫ਼ 1600 ਕਰੋੜ ਰੁਪਏ ਦਾ ਐਲਾਨ ਕਰਨ ਨੂੰ ਨਿਖੇਧਿਆ, ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ 12 ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਬਾਰੇ ਸਪਸ਼ਟਤਾ ਦੇਵੇ।
ਮੀਟਿੰਗ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਪ੍ਰਤਿਨਿਧੀਆਂ ਤ੍ਰਿਲੋਕ ਸਿੰਘ ਬਹਿਰਾਮਪੁਰ, ਅਜੀਤ ਸਿੰਘ, ਅਨੋਖ ਸਿੰਘ (ਕਿਰਤੀ ਕਿਸਾਨ ਯੂਨੀਅਨ), ਲਖਵਿੰਦਰ ਸਿੰਘ ਮੰਜਿਆਵਾਲੀ, ਗੁਰਮੁਖ ਸਿੰਘ ਖਹਿਰਾ (ਬੀਕੇਯੂ ਉਗਰਾਹਾਂ), ਗੁਰਵਿੰਦਰ ਸਿੰਘ, ਮੰਗਤ ਸਿੰਘ (ਬੀਕੇਯੂ ਡਕੌਦਾ), ਗੁਰਦੀਪ ਸਿੰਘ ਮੁਸਤਫਾਬਾਦ, ਬਲਬੀਰ ਸਿੰਘ ਬੈਂਸ, ਗੁਰਦੀਪ ਸਿੰਘ (ਬੀਕੇਯੂ ਕਾਦੀਆਂ), ਸੁਰਿੰਦਰ ਸਿੰਘ (ਕੇਕੇਯੂ ਪੰਜਾਬ), ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ, ਬਲਬੀਰ ਸਿੰਘ ਉਚਾਧਕਾਲਾ (ਪੰਜਾਬ ਕਿਸਾਨ ਯੂਨੀਅਨ), ਰਾਜਗੁਰਵਿੰਦਰ ਸਿੰਘ ਲਾਡੀ, ਸੁਖਬੀਰ ਸਿੰਘ (ਕ੍ਰਾਂਤੀਕਾਰੀ ਕਿਸਾਨ ਯੂਨੀਅਨ), ਰਘਬੀਰ ਸਿੰਘ ਚਾਹਲ, ਮੱਖਣ ਸਿੰਘ ਤਿੱਬੜ (ਜਮਹੂਰੀ ਕਿਸਾਨ ਸਭਾ), ਗੁਲਜਾਰ ਸਿੰਘ ਬਸੰਤਕੋਟ, ਗੁਰਚਰਨ ਸਿੰਘ ਵਾਲੀਆ, ਮਿਹਰਬਾਨ ਸਿੰਘ ਵਾਲੀਆ (ਕੁਲ ਹਿੰਦ ਕਿਸਾਨ ਸਭਾ ਅਜੇ ਭਵਨ), ਨਰਿੰਦਰ ਸਿੰਘ ਡੇਰਾ ਬਾਬਾ ਨਾਨਕ (ਕੁਲ ਹਿੰਦ ਕਿਸਾਨ ਸਭਾ ਗਰੇਵਾਲ), ਦਿਲਬਾਗ ਸਿੰਘ ਰਤੋਵਾਲ, ਰਵਿੰਦਰ ਸਿੰਘ (ਪੋਲਟਰੀ ਫਾਰਮ ਯੂਨੀਅਨ), ਬਲਵਿੰਦਰ ਸਿੰਘ ਰਾਜੂ ਔਲਖ (ਮਾਝਾ ਕਿਸਾਨ ਸੰਘਰਸ਼ ਕਮੇਟੀ), ਰਣਜੀਤ ਸਿੰਘ ਰਾਣਾ ਤੇ ਬਲਪ੍ਰੀਤ ਸਿੰਘ ਪ੍ਰਿੰਸ (ਜਮੀਨ ਬਚਾਓ ਸੰਘਰਸ਼ ਕਮੇਟੀ ਘਰਾਲਾ) ਆਦਿ ਨੇ ਹਿੱਸਾ ਲਿਆ।

ਮੀਟਿੰਗ ਦੇ ਅੰਤ ‘ਤੇ ਇੱਕ ਮਤਾ ਪਾਸ ਕਰਕੇ ਉਹਨਾਂ ਸਭ ਸੰਸਥਾਵਾਂ ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਵਿੱਚ ਯੋਗਦਾਨ ਦਿੱਤਾ।











