ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 3 ਸਤੰਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਗੁਰਦਾਸਪੁਰ 1 ਦੇ ਸੈਂਟਰ ਪਾਹੜਾ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਐਸ.ਐਮ.ਸੀ. (ਸਕੂਲ ਮੈਨੇਜਮੈਂਟ ਕਮੇਟੀਆਂ) ਦੀ ਟ੍ਰੇਨਿੰਗ ਵਰਕਸ਼ਾਪ ਸਰਕਾਰੀ ਮਿਡਲ ਸਕੂਲ ਪਾਹੜਾ ਵਿਖੇ ਕਰਵਾਈ ਗਈ।

ਵਰਕਸ਼ਾਪ ਦੋ ਗਰੁੱਪਾਂ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਸੈਂਟਰ ਅਧੀਨ ਸਮੂਹ ਸਕੂਲਾਂ ਦੀਆਂ ਕਮੇਟੀਆਂ ਦੇ ਚੇਅਰਮੈਨ, ਮੈਂਬਰ ਅਤੇ ਹੋਰ ਸੰਬੰਧਤ ਜ਼ਿੰਮੇਵਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਪਰਮਜੀਤ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਇਕਬਾਲ ਸਿੰਘ ਗੁਰਾਇਆ, ਸਿੱਖਿਆ ਕ੍ਰਾਂਤੀ ਹਲਕਾ ਗੁਰਦਾਸਪੁਰ ਦੇ ਕੋਆਰਡੀਨੇਟਰ ਅਸ਼ਵਨੀ ਕੁਮਾਰ ਅਤੇ ਅਕਾਦਮਿਕ ਸਹਾਇਤਾ ਗਰੁੱਪ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।
ਬਲਾਕ ਰਿਸੋਰਸ ਕੋਆਰਡੀਨੇਟਰ ਜਸਪਿੰਦਰ ਸਿੰਘ ਅਤੇ ਹਰਦੀਪ ਸਿੰਘ ਨੇ ਹਾਜ਼ਰ ਕਮੇਟੀ ਮੈਂਬਰਾਂ ਨੂੰ ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਦੇ ਅਧਿਕਾਰਾਂ, ਕਰਤਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਐਸ.ਐਮ.ਸੀ. ਸਕੂਲ ਦੀ ਪ੍ਰਗਤੀ, ਬੱਚਿਆਂ ਦੀ ਪੜ੍ਹਾਈ, ਸਰਕਾਰੀ ਯੋਜਨਾਵਾਂ ਦੀ ਪਹੁੰਚ ਅਤੇ ਸਿੱਖਿਆ ਗੁਣਵੱਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਗਏਇਸ ਮੌਕੇ ਸਿੱਖਿਆ ਸ਼ਾਸਤਰੀ ਸ੍ਰੀ ਪੀਟਰ ਅਤੇ ਸ਼੍ਰੀ ਰਕੇਸ਼ ਕੁਮਾਰ ਬੱਬੇਹਾਲੀ ਵੱਲੋਂ ਵੀ ਕਮੇਟੀ ਮੈਂਬਰਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦਾ ਭਵਿੱਖ ਸਿੱਧੇ ਤੌਰ ‘ਤੇ ਐਸ.ਐਮ.ਸੀ. ਦੀ ਸਰਗਰਮੀ ਨਾਲ ਜੁੜਿਆ ਹੋਇਆ ਹੈ। ਜੇਕਰ ਕਮੇਟੀਆਂ ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰਦੀਆਂ ਹਨ ਤਾਂ ਸਕੂਲਾਂ ਦੀ ਸਿੱਖਿਆ ਮਿਆਰ ਵਿੱਚ ਵਾਧਾ ਯਕੀਨੀ ਹੈ।
ਸੈਂਟਰ ਮੁੱਖ ਅਧਿਆਪਕ ਹਰਪਾਲ ਸਿੰਘ ਨੇ ਵਰਕਸ਼ਾਪ ਦੇ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਕੀਤੇ। ਉਨ੍ਹਾਂ ਨੇ ਸਾਰੇ ਆਏ ਮਹਿਮਾਨਾਂ ਅਤੇ ਹਾਜ਼ਰ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਸੈਂਟਰ ਪਾਹੜਾ ਅਧੀਨ ਆਉਂਦੇ ਸਕੂਲਾਂ ਦੀਆਂ ਐਸ.ਐਮ.ਸੀ. ਕਮੇਟੀਆਂ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਣਗੀਆਂ।

ਇਸ ਵਰਕਸ਼ਾਪ ਨੇ ਨਾ ਸਿਰਫ਼ ਕਮੇਟੀ ਮੈਂਬਰਾਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨਾਲ ਜਾਣੂ ਕਰਵਾਇਆ ਬਲਕਿ ਉਨ੍ਹਾਂ ਨੂੰ ਇਹ ਵੀ ਸਮਝਾਇਆ ਕਿ ਉਹ ਆਪਣੇ ਸਕੂਲਾਂ ਨੂੰ ਸਮਾਜ ਅਤੇ ਬੱਚਿਆਂ ਲਈ ਕਿਵੇਂ ਹੋਰ ਉਪਯੋਗੀ ਬਣਾ ਸਕਦੇ ਹਨ।










