ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ ਬਿਊਰੋ
ਬਹਿਰਾਮਪੁਰ, 3 ਸਤੰਬਰ
ਮਾਝਾ ਖੇਤਰ ਵਿੱਚ ਲੋਕ ਅਜੇ ਹੜ੍ਹ ਦੇ ਅਸਰਾਂ ਤੋਂ ਉਭਰੇ ਨਹੀਂ ਸਨ ਕਿ ਡੇਂਗੂ ਨੇ ਆਪਣੀ ਆਫ਼ਤ ਨਾਲ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਪਿੰਡ ਚਗੁਵਾਲ ਵਿੱਚ ਡੇਂਗੂ ਦਾ ਇੱਕ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਗਰੂਕਤਾ ਮਾਰਚ ਕੱਢਿਆ ਗਿਆ।

ਇਸ ਦੌਰਾਨ ਲੋਕਾਂ ਅਤੇ ਸਕੂਲ ਦੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਜ਼ਰੂਰੀ ਜਾਣਕਾਰੀ ਦਿੱਤੀ ਗਈ। ਐਸ.ਐਮ.ਓ. ਨੇ ਦੱਸਿਆ ਕਿ ਡੇਂਗੂ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਦੇ ਸਮੇਂ ਕਟਦਾ ਹੈ। ਇਸ ਨਾਲ ਬਹੁਤ ਤੇਜ਼ ਸਿਰ ਦਰਦ ਅਤੇ ਬੁਖਾਰ ਹੋ ਜਾਂਦਾ ਹੈ, ਜਦੋਂ ਕਿ ਮਰੀਜ਼ ਦੇ ਸੈੱਲ ਤੇਜ਼ੀ ਨਾਲ ਘਟਦੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਖ਼ਾਲੀ ਬਰਤਨਾਂ ਵਿੱਚ ਪਾਣੀ ਨਹੀਂ ਰੱਖਣਾ ਚਾਹੀਦਾ। ਕੂਲਰਾਂ ਦਾ ਪਾਣੀ ਵੀ ਨਿਯਮਿਤ ਤੌਰ ‘ਤੇ ਬਾਹਰ ਕੱਢਣਾ ਲਾਜ਼ਮੀ ਹੈ।
ਇਸ ਮੌਕੇ ਹੈਲਥ ਟੀਮ ਨਾਲ ਨਾਲ ਸਕੂਲ ਹੈਡ ਟੀਚਰ ਰਵਿੰਦਰ ਕੌਰ ਅਤੇ ਅਧਿਆਪਕਾ ਰੁਪਿੰਦਰ ਕੌਰ ਵੀ ਹਾਜ਼ਰ ਸਨ।











