Share & like

ਸੀਪੀਆਈਐਮਐਲ ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਵੱਲੋਂ ਡੀ.ਸੀ. ਦਫ਼ਤਰ ਗੁਰਦਾਸਪੁਰ ਅੱਗੇ ਰੋਸ ਪ੍ਰਦਰਸ਼ਨ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 30 ਸਤੰਬਰ
ਸੀਪੀਆਈ (ਐਮ/ਐਲ) ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਵੱਲੋਂ ਹੜ੍ਹ ਪੀੜਤਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਵਿੱਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।

ਧਰਨੇ ਦੌਰਾਨ ਮਜ਼ਦੂਰਾਂ, ਕਿਸਾਨਾਂ ਅਤੇ ਲਿਬਰੇਸ਼ਨ ਦੇ ਆਗੂਆਂ ਵਿਜੇ ਸੋਹਲ, ਦਲਬੀਰ ਭੋਲਾ, ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਲੱਖਣ ਕਲਾਂ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਹੜ੍ਹ ਆਏ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮਕਾਨਾਂ ਤੇ ਖੇਤਾਂ ਦਾ ਸਰਵੇ ਪੂਰਾ ਨਹੀਂ ਹੋ ਸਕਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਪੀੜਤਾਂ ਨੂੰ ਇਨਸਾਫ ਦੇਣ ਦੀ ਥਾਂ ਆਪਣੀ ਸਿਆਸਤ ਚਮਕਾਉਣ ਵਿੱਚ ਲੱਗੀਆਂ ਹਨ।

ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਤੀ ਏਕੜ ਸਿਰਫ 20 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਬਹੁਤ ਘੱਟ ਹੈ। ਮਜ਼ਦੂਰਾਂ ਦੇ ਡਿੱਗੇ ਘਰਾਂ ਲਈ 1,20,000 ਰੁਪਏ ਅਤੇ ਤਰੇੜੇ ਮਾਰ ਚੁੱਕੇ ਘਰਾਂ ਲਈ 40,000 ਰੁਪਏ ਮੁਆਵਜ਼ਾ ਨਿਰਧਾਰਤ ਕਰਨਾ ਵੀ ਪੀੜਤਾਂ ਨਾਲ ਨਿਆਂ ਨਹੀਂ ਹੈ।

ਉਨ੍ਹਾਂ ਕਿਹਾ ਕਿ ਫ਼ਸਲ ਦੇ ਨੁਕਸਾਨ ਲਈ 26 ਤੋਂ 75 ਫ਼ੀਸਦੀ ਤੱਕ 10 ਹਜ਼ਾਰ ਰੁਪਏ ਅਤੇ 75 ਤੋਂ 100 ਫ਼ੀਸਦੀ ਤੱਕ 20 ਹਜ਼ਾਰ ਰੁਪਏ ਮੁਆਵਜ਼ਾ ਤੈਅ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਗੁੱਸਾ ਵਧ ਰਿਹਾ ਹੈ।

ਉਨ੍ਹਾਂ ਨੇ ਕੇਂਦਰ ਸਰਕਾਰ ਉੱਤੇ ਵੀ ਪੰਜਾਬ ਨਾਲ ਭੇਦਭਾਵ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ 7 ਲੱਖ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇ ਕੇ ਕੁੱਲ 7200 ਕਰੋੜ ਰੁਪਏ ਜਾਰੀ ਕੀਤੇ ਹਨ, ਤਾਂ ਪੰਜਾਬ, ਹਿਮਾਚਲ ਅਤੇ ਉੱਤਰਾਖੰਡ ਦੇ ਹੜ੍ਹ ਪੀੜਤਾਂ ਨੂੰ ਸਿਰਫ 1600 ਕਰੋੜ ਰੁਪਏ ਕਿਉਂ ਦਿੱਤੇ ਗਏ ਹਨ? ਉਨ੍ਹਾਂ ਨੇ ਇਸਨੂੰ ਪੰਜਾਬੀਆਂ ਨਾਲ ਧੋਖਾ ਕਰਾਰ ਦਿੱਤਾ।

ਧਰਨੇ ਦੌਰਾਨ ਮੰਗ ਕੀਤੀ ਗਈ ਕਿ ਮਜ਼ਦੂਰਾਂ ਦੇ ਡਿੱਗੇ ਘਰਾਂ ਦਾ 5 ਲੱਖ ਰੁਪਏ, ਤਰੇੜੇ ਮਾਰ ਚੁੱਕੇ ਘਰਾਂ ਦਾ 1 ਲੱਖ ਰੁਪਏ, ਕਿਸਾਨਾਂ ਦੀ ਫਸਲ ਦਾ 70 ਹਜ਼ਾਰ ਰੁਪਏ ਪ੍ਰਤੀ ਕਿਲਾ, ਹੜ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਤੇ ਨੌਕਰੀ ਅਤੇ ਮਰੇ ਹੋਏ ਪਸ਼ੂ ਲਈ 1 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

ਇਸ ਮੌਕੇ ਪ੍ਰੇਮ ਮਸੀਹ ਸੋਨਾ, ਬਚਨ ਸਿੰਘ ਬੋਪਾਰਾਏ, ਕੁਲਦੀਪ ਰਾਜੂ, ਪਿੰਟਾ ਭਰਥ ਤਲਵੰਡੀ, ਸੁਰਜੀਤ ਬਾਜਵਾ, ਰਣਜੀਤ ਲਾਲੀ ਸਿੰਘਪੁਰਾ, ਰਣਜੀਤ ਕੌਰ ਡਡਵ, ਜੋਗਿੰਦਰ ਪਾਲ ਲੇਹਲ ਅਤੇ ਸੁਖਦੇਵ ਬਿੱਟੂ ਨੇ ਵੀ ਸੰਬੋਧਨ ਕੀਤਾ।


Share & like

Leave a Reply