Share & like

ਸਰਕਾਰੀ ਸਕੂਲਾਂ ਦੇ ਗੁਣਾਤਮਕ ਵਿਕਾਸ ਲਈ ਕਮੇਟੀਆਂ ਦੀ ਭੂਮਿਕਾ ਲਾਜ਼ਮੀ : ਰਮਨ ਬਹਿਲ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 29 ਸਤੰਬਰ
ਸਰਕਾਰੀ ਸਕੂਲਾਂ ਦੇ ਵਿਕਾਸ ਨੂੰ ਹੋਰ ਗਤੀਸ਼ੀਲ ਤੇ ਗੁਣਾਤਮਕ ਬਣਾਉਣ ਲਈ ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਸਰਕਾਰੀ ਹਾਈ ਸਕੂਲ ਸਾਧੂਚੱਕ ਵਿਖੇ ਕਲਸਟਰ ਹੱਲਾ ਅਧੀਨ ਪੈਂਦੇ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਲਈ ਕਲੱਸਟਰ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।

ਇਸ ਟ੍ਰੇਨਿੰਗ ਪ੍ਰੋਗਰਾਮ ਦੀ ਪ੍ਰਧਾਨਗੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਰਾਕੇਸ਼ ਕੁਮਾਰ ਅਤੇ ਬਲਾਕ ਨੋਡਲ ਅਫ਼ਸਰ ਸ੍ਰੀ ਦਵਿੰਦਰ ਕੁਮਾਰ ਸ਼ਰਮਾ ਨੇ ਕੀਤੀ। ਪ੍ਰੋਗਰਾਮ ਵਿੱਚ ਖਾਸ ਤੌਰ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਦਾ ਸਕੂਲ ਸਟਾਫ਼ ਅਤੇ ਕਮੇਟੀ ਮੈਂਬਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਸ੍ਰੀ ਬਹਿਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਕਿਸਮ ਦੀਆਂ ਟ੍ਰੇਨਿੰਗਾਂ ਦਾ ਮਕਸਦ ਕੇਵਲ ਜਾਣਕਾਰੀ ਸਾਂਝੀ ਕਰਨਾ ਨਹੀਂ, ਸਗੋਂ ਕਮੇਟੀ ਮੈਂਬਰਾਂ ਨੂੰ ਸਕੂਲ ਦੇ ਵਿਕਾਸ ਤੇ ਵਿਦਿਅਕ ਕਾਰਜਾਂ ਵਿੱਚ ਹੋਰ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਪੜ੍ਹਦੇ ਬੱਚਿਆਂ ਦੇ ਮਾਪੇ, ਸਟਾਫ਼ ਅਤੇ ਕਮੇਟੀ ਮੈਂਬਰਾਂ ਦੇ ਸਾਂਝੇ ਸਹਿਯੋਗ ਨਾਲ ਹੀ ਸਿੱਖਿਆ ਦਾ ਗੁਣਾਤਮਕ ਪੱਧਰ ਹੋਰ ਉੱਚਾ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਗੁਣਵੱਤਾ ਵਾਲੀ ਸਿੱਖਿਆ ਸਰਕਾਰੀ ਸਕੂਲਾਂ ਵਿੱਚ ਪ੍ਰਾਪਤ ਹੋ ਸਕੇ।

ਇਸ ਮੌਕੇ ਰਿਸੋਰਸ ਪਰਸਨ ਸ੍ਰੀਮਤੀ ਸੁਖਬੀਰ ਕੌਰ ਅਤੇ ਸ੍ਰੀ ਅਸ਼ਵਨੀ ਕੁਮਾਰ ਨੇ ਵੱਖ-ਵੱਖ ਸੈਸ਼ਨਾਂ ਰਾਹੀਂ ਟ੍ਰੇਨਿੰਗ ਦਿੱਤੀ। ਉਹਨਾਂ ਨੇ ਵਿਸਥਾਰ ਨਾਲ ਸਮਝਾਇਆ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਦਾ ਕਾਨੂੰਨੀ ਢਾਂਚਾ ਕੀ ਹੈ, ਉਨ੍ਹਾਂ ਦੇ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਕਿਹੜੀਆਂ ਹਨ ਅਤੇ ਕਿਵੇਂ ਮੈਂਬਰ ਆਪਣੇ ਖੇਤਰ ਦੇ ਸਕੂਲਾਂ ਨੂੰ ਸੁਧਾਰਨ ਵਿੱਚ ਸਰਗਰਮ ਯੋਗਦਾਨ ਪਾ ਸਕਦੇ ਹਨ। ਖ਼ਾਸ ਤੌਰ ‘ਤੇ ਉਹਨਾਂ ਨੇ ਇਹ ਵੀ ਰੌਸ਼ਨੀ ਪਾਈ ਕਿ ਐਸਐਮਸੀ ਦੇ ਮੈਂਬਰ ਸਕੂਲ ਦੇ ਵਿਕਾਸ ਕੰਮਾਂ ਦੀ ਯੋਜਨਾ, ਵਿਦਿਆਰਥੀਆਂ ਦੀ ਹਾਜ਼ਰੀ, ਸਫਾਈ-ਸੁਥਰਾਈ, ਮਿਡ-ਡੇ ਮੀਲ ਅਤੇ ਪੜ੍ਹਾਈ ਦੇ ਮਾਹੌਲ ਵਿੱਚ ਆਪਣੀ ਨਿਗਰਾਨੀ ਅਤੇ ਸਹਿਯੋਗੀ ਭੂਮਿਕਾ ਕਿਵੇਂ ਨਿਭਾ ਸਕਦੇ ਹਨ।

ਬਲਾਕ ਸਿੱਖਿਆ ਅਫਸਰ ਸ੍ਰੀ ਰਾਕੇਸ਼ ਕੁਮਾਰ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਕਲੱਸਟਰ ਪੱਧਰੀ ਟ੍ਰੇਨਿੰਗ ਵਿੱਚ ਕਲੱਸਟਰ ਹੱਲਾ ਅਧੀਨ ਆਉਂਦੇ ਸਰਕਾਰੀ ਸੀਨੀਅਰ, ਹਾਈ, ਮਿਡਲ ਅਤੇ ਪ੍ਰਾਇਮਰੀ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਉਹਨਾਂ ਕਿਹਾ ਕਿ ਟ੍ਰੇਨਿੰਗ ਤੋਂ ਬਾਅਦ ਇਹ ਮੈਂਬਰ ਆਪਣੇ-ਆਪਣੇ ਸਕੂਲਾਂ ਵਿੱਚ ਨਵੀਂ ਸੋਚ ਅਤੇ ਉਤਸ਼ਾਹ ਨਾਲ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਸਪੱਸ਼ਟ ਕੀਤਾ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਸਿਰਫ਼ ਇਕ ਰਸਮੀ ਗਠਨ ਨਹੀਂ ਹਨ, ਸਗੋਂ ਉਹਨਾਂ ਦੀ ਸਰਗਰਮ ਭੂਮਿਕਾ ਹੀ ਸਕੂਲਾਂ ਦੇ ਗੁਣਾਤਮਕ ਵਿਕਾਸ ਦੀ ਕੁੰਜੀ ਹੈ।




Share & like

Leave a Reply