ਹੜ੍ਹ ਪੀੜਤਾਂ ਤੇ ਪ੍ਰਵਾਸੀ ਮਜ਼ਦੂਰਾਂ ਲਈ ਮੁਆਵਜ਼ੇ ਦੀਆਂ ਮੰਗਾਂ ਉੱਠਾਈਆਂ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਅੰਮ੍ਰਿਤਸਰ, 29 ਸਤੰਬਰ
ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸੀਪੀਆਈਐਮਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਹੜ੍ਹ ਪੀੜਤਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਵਿੱਚ ਧਰਨਾ ਦਿੱਤਾ ਗਿਆ। ਧਰਨੇ ਨੂੰ ਲਿਬਰੇਸ਼ਨ ਅਤੇ ਮਜ਼ਦੂਰ-ਕਿਸਾਨ ਆਗੂਆਂ ਬਲਬੀਰ ਸਿੰਘ ਮੂਧਲ, ਸਮਸ਼ੇਰ ਸਿੰਘ ਹੇਰ, ਮੰਗਲ ਸਿੰਘ ਧਰਮਕੋਟ, ਨਿਰਮਲ ਸਿੰਘ ਛਜਲਵੰਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਸੰਬੋਧਨ ਕੀਤਾ।

ਆਗੂਆਂ ਨੇ ਦੋਸ਼ ਲਗਾਇਆ ਕਿ ਹੜ੍ਹ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਪੰਜਾਬ ਅਤੇ ਨਾ ਹੀ ਕੇਂਦਰ ਸਰਕਾਰ ਪੀੜਤਾਂ ਲਈ ਪੂਰਾ ਸਰਵੇ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਸਿਰਫ਼ ਆਪਣੀ ਵੋਟ ਰਾਜਨੀਤੀ ਚਮਕਾ ਰਹੀਆਂ ਹਨ। ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ “ਬਹੁਤ ਘੱਟ” ਕਰਾਰ ਦਿੱਤਾ ਗਿਆ।

ਮਜ਼ਦੂਰਾਂ ਦੇ ਡਿੱਗੇ ਅਤੇ ਤਰੇੜੇ ਘਰਾਂ ਲਈ ਕੋਈ ਸਪੱਸ਼ਟ ਨੀਤੀ ਨਾ ਬਣਾਉਣ ’ਤੇ ਵੀ ਕਾਫ਼ੀ ਰੋਸ ਜ਼ਾਹਰ ਕੀਤਾ ਗਿਆ। ਆਗੂਆਂ ਨੇ ਕੇਂਦਰ ਸਰਕਾਰ ’ਤੇ ਇਲਜ਼ਾਮ ਲਾਇਆ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਚੋਣਾਂ ਦੇ ਮੱਦੇਨਜ਼ਰ 7 ਲੱਖ ਪਰਿਵਾਰਾਂ ਨੂੰ 10-10 ਲੱਖ ਰੁਪਏ (ਕੁੱਲ 7200 ਕਰੋੜ) ਵੰਡੇ, ਉੱਥੇ ਪੰਜਾਬ ਨੂੰ 20 ਹਜ਼ਾਰ ਕਰੋੜ ਦੇ ਨੁਕਸਾਨ ਦੇ ਬਦਲੇ ਸਿਰਫ਼ 1600 ਕਰੋੜ ਦਾ ਐਲਾਨ ਕਰਨਾ ਪੰਜਾਬੀਆਂ ਨਾਲ ਧੋਖੇ ਦੇ ਬਰਾਬਰ ਹੈ।

ਧਰਨੇ ਵਿੱਚ ਡਿੱਗੇ ਮਜ਼ਦੂਰ ਘਰ ਲਈ 5 ਲੱਖ ਰੁਪਏ, ਤਰੇੜੇ ਘਰ ਲਈ 1 ਲੱਖ ਰੁਪਏ, ਕਿਸਾਨਾਂ ਦੀ ਫਸਲ ਦਾ 70 ਹਜ਼ਾਰ ਰੁਪਏ ਪ੍ਰਤੀ ਕਿਲਾ, ਮੌਤ ਹੋਣ ਦੀ ਸੂਰਤ ਵਿੱਚ 10 ਲੱਖ ਤੇ ਇੱਕ ਨੌਕਰੀ, ਪਸ਼ੂਆਂ ਦੇ ਨੁਕਸਾਨ ਲਈ 1 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਇਸ ਮੌਕੇ ’ਤੇ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਛੱਡਣ ਦੀਆਂ ਧਮਕੀਆਂ ਦੇਣ ਵਾਲਿਆਂ ਦੀ ਕੜੀ ਨਿੰਦਾ ਕੀਤੀ ਗਈ। ਧਰਨੇ ਨੂੰ ਹਰਜੀਤ ਕੌਰ ਲੱਖੂਵਾਲ, ਨੀਤੂ ਹੰਸ, ਕੁਲਵਿੰਦਰ ਸਿੰਘ ਅਜਨਾਲਾ, ਜਸਵੀਰ ਕੌਰ ਅਤੇ ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ।











