ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 28 ਸਤੰਬਰ
ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖਾਦ ਤੇ ਜਨਤਕ ਵੰਡ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੇ ਰਾਜ ਮੰਤਰੀ ਬੀ.ਐਲ. ਵਰਮਾ ਨੇ ਅੱਜ ਬੀ.ਐਸ.ਐਫ. ਦੇ ਸੈਕਟਰ ਹੈੱਡਕੁਆਰਟਰ ਗੁਰਦਾਸਪੁਰ ਦਾ ਦੌਰਾ ਕੀਤਾ।
ਉਨ੍ਹਾਂ ਦਾ ਸੁਆਗਤ ਡੀ.ਆਈ.ਜੀ. ਸ੍ਰੀ ਜਸਵਿੰਦਰ ਕੁਮਾਰ ਬਿਰਦੀ ਵੱਲੋਂ ਕੀਤਾ ਗਿਆ। ਇਸ ਮੌਕੇ ‘ਓਪਰੇਸ਼ਨ ਸਿੰਦੂਰ’ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ, ਜੋ ਕਿ ਬੀ.ਐਸ.ਐਫ. ਦੇ ਸ਼ੌਰਿਆ, ਪਰਾਕ੍ਰਮ ਅਤੇ ਅਟੱਲ ਸਮਰਪਣ ਦਾ ਪ੍ਰਤੀਕ ਹੈ। ਇਹ ਓਪਰੇਸ਼ਨ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਵਿੱਚ ਜਵਾਨਾਂ ਦੀ ਵੀਰਗਾਥਾ ਨੂੰ ਦਰਸਾਉਂਦਾ ਹੈ।

ਡੀ.ਆਈ.ਜੀ. ਬਿਰਦੀ ਨੇ ਮੰਤਰੀ ਜੀ ਨੂੰ ਹਾਲ ਹੀ ਵਿੱਚ ਸਰਹੱਦੀ ਇਲਾਕਿਆਂ ਵਿੱਚ ਆਈ ਬਾੜ੍ਹ ਦੀ ਸਥਿਤੀ ਨਾਲ ਰੂਬਰੂ ਕਰਵਾਇਆ। ਭਾਰੀ ਮੀਂਹ ਦੌਰਾਨ ਬੀ.ਐਸ.ਐਫ. ਜਵਾਨਾਂ ਨੇ ਸੀਮਾਵਰਤੀ ਚੌਕੀਆਂ ‘ਤੇ ਰਹਿੰਦੇ ਹੋਏ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਉਸ ਬਾਰੇ ਜਾਣਕਾਰੀ ਦਿੱਤੀ ਗਈ। ਮੁਸ਼ਕਲ ਹਾਲਾਤਾਂ ਵਿੱਚ ਵੀ ਜਵਾਨਾਂ ਦਾ ਸਰਹੱਦ ਸੁਰੱਖਿਆ ਪ੍ਰਤੀ ਅਟੱਲ ਜਜ਼ਬਾ ਕਾਬਿਲ-ਏ-ਤਾਰੀਫ਼ ਰਿਹਾ।
ਇਸ ਤੋਂ ਇਲਾਵਾ, ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਵਿਸਥਾਰਪੂਰਵਕ ਪ੍ਰਜ਼ੇਨਟੇਸ਼ਨ ਵੀ ਪੇਸ਼ ਕੀਤੀ ਗਈ। ਇਸ ਵਿੱਚ ਬਾੜ੍ਹ ਦੀ ਗੰਭੀਰਤਾ, ਪ੍ਰਭਾਵਿਤ ਪਿੰਡਾਂ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ, ਜੋ ਸੈਕਟਰ ਹੈੱਡਕੁਆਰਟਰ ਗੁਰਦਾਸਪੁਰ ਵੱਲੋਂ ਕੀਤੇ ਗਏ ਸਨ। ਬੀ.ਐਸ.ਐਫ. ਵੱਲੋਂ ਕੀਤੀਆਂ ਮਨੁੱਖੀ ਭਲਾਈ ਸੰਬੰਧੀ ਕੰਮਾਂ ਤੋਂ ਵੀ ਜਾਣੂ ਕਰਵਾਇਆ ਗਿਆ, ਜਿਵੇਂ ਕਿ ਪ੍ਰਭਾਵਿਤ ਲੋਕਾਂ ਨੂੰ ਸਮੇਂ-ਸਿਰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਅਤੇ ਜ਼ਰੂਰੀ ਮਦਦ ਪ੍ਰਦਾਨ ਕਰਨਾ।

ਦੌਰੇ ਦੌਰਾਨ ਮੰਤਰੀ ਨੇ ਬੀ.ਐਸ.ਐਫ. ਜਵਾਨਾਂ ਨਾਲ ਸੰਵਾਦ ਕੀਤਾ ਅਤੇ ਉਨ੍ਹਾਂ ਦੇ ਹੌਸਲੇ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਿਭਾਉਣ ਦੀ ਭਾਵਨਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਮੇਸ਼ਾਂ ਕਰਮਚਾਰੀਆਂ ਦੇ ਭਲਾਈ ਲਈ ਸੰਵੇਦਨਸ਼ੀਲ ਹੈ ਅਤੇ ਉਨ੍ਹਾਂ ਨੂੰ ਪੂਰਾ ਸਨਮਾਨ ਤੇ ਸਮਰਥਨ ਪ੍ਰਦਾਨ ਕਰਦੀ ਹੈ।
ਮੰਤਰੀ ਬੀ.ਐਲ. ਵਰਮਾ ਨੇ ਬੀ.ਐਸ.ਐਫ. ਦੇ ਜਵਾਨਾਂ ਨੂੰ “ਸੀਮਾ ਦੇ ਪ੍ਰਹਰੀ” ਕਹਿੰਦਿਆਂ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ, ਪੇਸ਼ਾਵਰਾਨਾ ਯੋਗਤਾ ਅਤੇ ਅਟੱਲ ਨਿਸ਼ਠਾ ਦੀ ਭਰਪੂਰ ਸ੍ਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਵਾਨ ਨਾ ਕੇਵਲ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰ ਰਹੇ ਹਨ, ਸਗੋਂ ਕੁਦਰਤੀ ਆਫ਼ਤਾਂ ਦੌਰਾਨ ਸਰਹੱਦ ਵਾਸੀਆਂ ਦੇ ਨਾਲ ਖੜ੍ਹ ਕੇ ਮਨੁੱਖਤਾ ਦਾ ਵੱਡਾ ਫਰਜ਼ ਵੀ ਨਿਭਾ ਰਹੇ ਹਨ।











