ਰੋਜ਼ਾਨਾ ਖ਼ਬਰ ਬਿਊਰੋ
ਮੁਹਾਲੀ, 28 ਸਤੰਬਰ
ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ। ਸ਼ਨੀਵਾਰ ਸ਼ਾਮੀਂ ਬੱਦੀ ਨੇੜੇ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਜਵੰਦਾ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਵੈਂਟੀਲੇਟਰ ਸਪੋਰਟ ’ਤੇ ਹਨ।
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਹਸਪਤਾਲ ਪਹੁੰਚੇ ਅਤੇ ਜਵੰਦਾ ਦੀ ਸਿਹਤ ਬਾਰੇ ਡਾਕਟਰਾਂ ਨਾਲ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਭੇਟ ਕਰਕੇ ਹੌਸਲਾ ਦਿੱਤਾ ਅਤੇ ਉਮੀਦ ਜਤਾਈ ਕਿ ਗਾਇਕ ਜਲਦੀ ਠੀਕ ਹੋਣਗੇ।
ਫੋਰਟਿਸ ਹਸਪਤਾਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਮੁਤਾਬਕ ਜਵੰਦਾ ਦੇ ਸਿਰ ਅਤੇ ਰੀੜ ਦੀ ਹੱਡੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਨਾਲ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਨਿਊਰੋ ਸਰਜਨ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ’ਤੇ ਨਿਗਰਾਨੀ ਕਰ ਰਹੀ ਹੈ।
ਯਾਦ ਰਹੇ ਕਿ ਜਵੰਦਾ ਦਾ ਬਾਈਕ ਸ਼ਨੀਵਾਰ ਨੂੰ ਬੱਦੀ ਤੋਂ ਸ਼ਿਮਲਾ ਜਾਂਦਿਆਂ ਇੱਕ ਪਸ਼ੂ ਨਾਲ ਟਕਰਾ ਗਿਆ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ।

ਉਧਰ ਗਾਇਕ ਕੰਵਰ ਗਰੇਵਾਲ ਨੇ ਦੱਸਿਆ ਕਿ ਡਾਕਟਰਾਂ ਅਨੁਸਾਰ ਜਵੰਦਾ ਦੀ ਸਿਹਤ ਵਿੱਚ ਕੱਲ੍ਹ ਨਾਲੋਂ ਥੋੜ੍ਹਾ ਸੁਧਾਰ ਆਇਆ ਹੈ। ਇਸ ਦਰਮਿਆਨ ਕਈ ਕਲਾਕਾਰਾਂ ਦੇ ਨਾਲ-ਨਾਲ ਜਵੰਦਾ ਦੇ ਹਜ਼ਾਰਾਂ ਪ੍ਰਸ਼ੰਸਕ ਹਸਪਤਾਲ ਪਹੁੰਚ ਕੇ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਹਨ। ਹਸਪਤਾਲ ਵੱਲੋਂ ਹਾਲਾਂਕਿ ਅੱਜ ਤੱਕ ਦਾ ਕੋਈ ਨਵਾਂ ਅਧਿਕਾਰਤ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ।










