ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 28 ਸਤੰਬਰ
ਸਥਾਨਕ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿਖੇ ਅੱਜ ਵੱਖ-ਵੱਖ ਸੰਘਰਸ਼ਸ਼ੀਲ ਅਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਮਨਾਇਆ ਗਿਆ। ਸਮਾਰੋਹ ਦੌਰਾਨ ਸ਼ਹੀਦ ਦੇ ਦਰਸਾਏ ਰਾਹ ’ਤੇ ਚੱਲਣ ਦਾ ਅਹਿਦ ਕੀਤਾ ਗਿਆ।
ਇਸ ਮੌਕੇ ਕਾਮਰੇਡ ਰਮੇਸ਼ ਰਾਣਾਂ, ਰਾਜ ਕੁਮਾਰ ਪੰਡੋਰੀ, ਜੋਗਿੰਦਰ ਪਾਲ ਪਨਿਆੜ, ਮੇਜ਼ਰ ਸਿੰਘ ਕੋਟ ਟੋਡਰਮੱਲ, ਸੁਖਦੇਵ ਰਾਜ ਬਹਿਰਾਮਪੁਰ, ਵਿਦਿਆਰਥੀ ਆਗੂ ਅਮਰ ਕ੍ਰਾਂਤੀ ਅਤੇ ਜੋਗਿੰਦਰ ਪਾਲ ਘੁਰਾਲਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਭਗਤ ਸਿੰਘ ਦਾ ਜਨਮ ਉਸ ਸਮੇਂ ਹੋਇਆ ਸੀ ਜਦੋਂ ਦੇਸ਼ ਵਿੱਚ ਸਾਮਰਾਜੀ ਲੁੱਟ ਵਿਰੁੱਧ ਚਲ ਰਹੀਆਂ ਲਹਿਰਾਂ ਨੇ ਲੋਕਾਂ ਨੂੰ ਉਤੇਜਿਤ ਕੀਤਾ ਹੋਇਆ ਸੀ। ਗਦਰੀ ਬਾਬਿਆਂ ਦੇ ਆਉਣ-ਜਾਣ ਦਾ ਪ੍ਰਭਾਵ ਵੀ ਭਗਤ ਸਿੰਘ ਦੇ ਵਿਚਾਰਾਂ ਨੂੰ ਬਚਪਨ ਤੋਂ ਹੀ ਕ੍ਰਾਂਤੀਕਾਰੀ ਰਾਹ ਵੱਲ ਪ੍ਰੇਰਿਤ ਕਰ ਗਿਆ।

ਬੁਲਾਰਿਆਂ ਨੇ ਜ਼ੋਰ ਦਿੱਤਾ ਕਿ 118 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਦੇਸ਼ ਵਿੱਚ ਸਾਮਰਾਜੀ ਕੰਪਨੀਆਂ ਵੱਲੋਂ ਉਹੀ ਲੁੱਟ ਜਾਰੀ ਹੈ। ਜਿਵੇਂ ਉਸ ਵੇਲੇ ਈਸਟ ਇੰਡੀਆ ਕੰਪਨੀ ਲੁੱਟਦੀ ਸੀ, ਅੱਜ ਕਈ ਵਿਦੇਸ਼ੀ ਕੰਪਨੀਆਂ ਤੇ ਸਾਮਰਾਜੀ ਤਾਕਤਾਂ ਭਾਰਤ ਦੇ ਜਲ, ਜੰਗਲ ਅਤੇ ਜ਼ਮੀਨ ਉੱਪਰ ਕਬਜ਼ਾ ਕਰ ਰਹੀਆਂ ਹਨ।
ਨੇਤਾਵਾਂ ਨੇ ਮੋਦੀ ਸਰਕਾਰ ਉੱਤੇ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀ ਫਿਰਕਿਆਂ ਅਤੇ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲਾਂ ਵਿੱਚ ਪਾਉਣ ਦੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਲੋਕ ਵਿਰੋਧੀ ਕਾਨੂੰਨ ਬਣਾ ਕੇ ਸਾਮਰਾਜੀ ਲੁੱਟ ਨੂੰ ਹੋਰ ਆਸਾਨ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਆਮ ਆਦਮੀ ਪਾਰਟੀ ’ਤੇ ਵੀ ਆਰੋਪ ਲਗਾਇਆ ਗਿਆ ਕਿ ਜੋ ਕਦੇ ਇਨਕਲਾਬ ਦਾ ਨਾਅਰਾ ਲਾ ਕੇ ਕਿਸਾਨ-ਮਜ਼ਦੂਰ ਰਾਜ ਲਿਆਉਣ ਦੀ ਗੱਲ ਕਰਦੀ ਸੀ, ਉਹੀ ਅੱਜ ਕਿਸਾਨਾਂ ਤੇ ਮਜ਼ਦੂਰਾਂ ਨੂੰ ਝੂਠੇ ਪਰਚਿਆਂ ਹੇਠ ਜੇਲ੍ਹਾਂ ਵਿੱਚ ਸੁੱਟ ਰਹੀ ਹੈ।

ਸਮਾਗਮ ਦੇ ਅਖੀਰ ਵਿੱਚ ਸਾਰੇ ਹਾਜ਼ਰ ਇਨਕਲਾਬੀ ਜਥੇਬੰਦੀਆਂ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਹਨਾਂ ਦੇ ਦਿਖਾਏ ਰਾਹ ਉੱਪਰ ਚੱਲਣ ਦਾ ਅਹਿਦ ਕੀਤਾ।










