ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 26 ਸਤੰਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਗੁਰਦਾਸਪੁਰ ਦੇ ਗੁਰੂ ਨਾਨਕ ਪਾਰਕ ਵਿੱਚ ਵੱਡਾ ਇਕੱਠ ਕੀਤਾ ਗਿਆ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ।

ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ ਅਤੇ ਤਰਲੋਕ ਸਿੰਘ ਬਹਿਰਾਮਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਦੇ ਅਖੀਰ ਵਿੱਚ ਹੋਈ ਭਾਰੀ ਬਾਰਿਸ਼ ਅਤੇ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਾਨ-ਮਾਲ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਨੁਕਸਾਨ ਸਿਰਫ ਕੁਦਰਤੀ ਆਫਤ ਕਰਕੇ ਨਹੀਂ ਹੋਇਆ, ਸਗੋਂ ਪੰਜਾਬ ਸਰਕਾਰ ਅਤੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੀ ਲਾਪਰਵਾਹੀ ਵੀ ਇਸਦਾ ਵੱਡਾ ਕਾਰਨ ਹੈ, ਕਿਉਂਕਿ ਡੈਮਾਂ ਅਤੇ ਦਰਿਆਵਾਂ ਵਿੱਚੋਂ ਸਮੇਂ-ਸਿਰ ਗਾਰ ਨਹੀਂ ਕੱਢੀ ਗਈ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਐਲਾਨੀ ਗਈ 1600 ਕਰੋੜ ਰੁਪਏ ਦੀ ਰਕਮ ਬਹੁਤ ਹੀ ਘੱਟ ਹੈ ਅਤੇ ਇਸ ਨਾਲ ਹੜ੍ਹ ਪੀੜਤਾਂ ਦੇ ਨੁਕਸਾਨ ਦੀ ਭਰਪਾਈ ਸੰਭਵ ਨਹੀਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਹੜ੍ਹ-ਰੋਕਥਾਮ ਲਈ ਕੇਂਦਰ ਵੱਲੋਂ ਆਏ ਫੰਡਾਂ ਨੂੰ ਇਸ਼ਤਿਹਾਰਬਾਜ਼ੀ ਤੇ ਹੋਰ ਕੰਮਾਂ ’ਤੇ ਖਰਚ ਕਰਦੀ ਰਹੀ ਹੈ, ਜਦਕਿ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਕੰਮ ਪਿੱਛੇ ਰਹੇ। ਮੰਗ ਪੱਤਰ ਰਾਹੀਂ ਯੂਨੀਅਨ ਵੱਲੋਂ ਕਿਹਾ ਗਿਆ ਕਿ ਹੜ੍ਹਾਂ ਕਾਰਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਫਸਲਾਂ ਦੇ ਨੁਕਸਾਨ ਦੀ ਭਰਪਾਈ ਪ੍ਰਤੀ ਏਕੜ 50 ਹਜ਼ਾਰ ਰੁਪਏ ਦੇ ਹਿਸਾਬ ਨਾਲ ਕੀਤੀ ਜਾਵੇ ਅਤੇ ਇਸ ’ਤੇ 5 ਏਕੜ ਤਕ ਦੀ ਸੀਮਾ ਖਤਮ ਕੀਤੀ ਜਾਵੇ, ਤਾਂ ਜੋ ਹਰ ਕਾਸ਼ਤਕਾਰ ਨੂੰ ਉਸਦੇ ਅਸਲ ਨੁਕਸਾਨ ਦੇ ਮੁਤਾਬਕ ਮੁਆਵਜ਼ਾ ਮਿਲ ਸਕੇ। ਹੜ੍ਹਾਂ ਵਿੱਚ ਮਰੇ ਜਾਂ ਰੁੜ੍ਹੇ ਪਸ਼ੂਆਂ ਲਈ ਪ੍ਰਤੀ ਪਸ਼ੂ ਇੱਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਤਿੰਨ ਪਸ਼ੂਆਂ ਦੀ ਸੀਮਾ ਵੀ ਤੁਰੰਤ ਹਟਾਈ ਜਾਵੇ।

ਇਸ ਤੋਂ ਇਲਾਵਾ ਮਕੌੜਾ ਪੱਤਣ ਤੋਂ ਰਾਵੀ ਦਰਿਆ ਪਾਰ ਜਾਣ ਵਾਲੀ ਸੜਕ ਜੋ ਹੜ੍ਹਾਂ ਦੌਰਾਨ ਢਹਿ ਗਈ ਸੀ, ਉਸਦਾ ਫੌਰੀ ਨਿਰਮਾਣ ਕੀਤਾ ਜਾਵੇ ਅਤੇ ਇਥੇ ਪੁਲ ਬਣਾਉਣ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇ। ਰਾਵੀ ਅਤੇ ਉਝ ਦਰਿਆਵਾਂ ਵੱਲੋਂ ਖੇਤਾਂ ਨੂੰ ਲੱਗ ਰਹੀ ਕੱਟੜ ਨੂੰ ਰੋਕਣ ਲਈ ਮਜ਼ਬੂਤ ਸਪਰ ਬਣਾਉਣ ਦੀ ਮੰਗ ਵੀ ਕੀਤੀ ਗਈ। ਯੂਨੀਅਨ ਨੇ ਝੋਨੇ ਦੀ ਖਰੀਦ ਵਿੱਚ ਨਮੀ ਅਤੇ ਬਦਰੰਗ ਦਾਣਿਆਂ ਦੇ ਮਾਪਦੰਡ ਨਰਮ ਕਰਨ ਦੀ ਮੰਗ ਕੀਤੀ। ਨਾਲ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਦਰਜ ਕੀਤੇ ਕੇਸ ਰੱਦ ਕਰਨ ਅਤੇ 2.5 ਏਕੜ ਤਕ ਦੀ ਜ਼ਮੀਨ ਵਾਲੀ ਪਰਾਲੀ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸਰਕਾਰ ਖੁਦ ਚੁੱਕੇ। ਵੱਡੇ ਕਿਸਾਨਾਂ ਲਈ ਪ੍ਰਤੀ ਏਕੜ 3000 ਰੁਪਏ ਦੀ ਰਾਹਤ ਰਕਮ ਦੇਣ ਦੀ ਮੰਗ ਵੀ ਉੱਠਾਈ ਗਈ।

ਇਸ ਤੋਂ ਇਲਾਵਾ ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਵੱਲੋਂ ਕਿਸਾਨਾਂ ਦਾ ਰਹਿੰਦਾ ਗੰਨਾ ਭੁਗਤਾਨ ਤੁਰੰਤ ਕਰਨ ਅਤੇ ਕਿਸਾਨਾਂ-ਮਜਦੂਰਾਂ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਵੀ ਪੱਤਰ ਵਿੱਚ ਦਰਜ ਕੀਤੀ ਗਈ। ਧਰਨੇ ਵਿੱਚ ਹੋਰ ਕਿਸਾਨ ਆਗੂ ਜਿਵੇਂ ਚੰਨਣ ਸਿੰਘ ਦੋਰਾਂਗਲਾ, ਅਜੀਤ ਸਿੰਘ ਮੱਲੀਆਂ, ਪਲਵਿੰਦਰ ਸਿੰਘ ਕਿਲਾ ਨੱਥੂ, ਸੁਖਵਿੰਦਰ ਸਿੰਘ ਸੁੱਖਾ, ਸਾਗਰ ਸਿੰਘ ਭੋਲਾ, ਸ਼ਕਤੀ ਸਿੰਘ, ਮੋਹਕਮ ਸਿੰਘ, ਭੁਪਿੰਦਰ ਸਿੰਘ, ਮਨਦੀਪ ਸਿੰਘ, ਮਨਜਿੰਦਰ ਸਿੰਘ, ਸੁੱਚਾ ਸਿੰਘ, ਜਸਵੀਰ ਸਿੰਘ ਨਿਹੰਗ ਅਤੇ ਸਤਪਾਲ ਸਿੰਘ ਬਹਿਰਾਮਪੁਰ ਆਦਿ ਹਾਜ਼ਰ ਸਨ।










