ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 26 ਸਤੰਬਰ
ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਅੱਜ ਇੰਸਟੀਟਿਊਸ਼ਨਲ ਇਨੋਵੇਸ਼ਨ ਕੌਂਸਲ ਅਤੇ ਇੰਟਰਨਲ ਕੁਆਲਿਟੀ ਐਸਿਓਰੈਂਸ ਸੈੱਲ ਵੱਲੋਂ ਇੱਕ ਦਿਨ ਦਾ ਇੰਟਰਪ੍ਰਿਨਿਊਰਮੈਂਟ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਜੀਸੀ ਦੇ ਸਾਬਕਾ ਸਕੱਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਪੰਜਾਬ ਦੇ ਰਾਜਪਾਲ ਦੇ ਉੱਚ ਸਿੱਖਿਆ ਸਲਾਹਕਾਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੀਤੀ।

ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਾਲਜ ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਨਵੀਂ ਸੋਚ ਅਤੇ ਸ੍ਰਿਜਨਾਤਮਕਤਾ ਨੂੰ ਉਭਾਰਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਵੱਲ ਨਵੀਆਂ ਸੰਭਾਵਨਾਵਾਂ ਖੋਲ੍ਹਦੇ ਹਨ।
ਇਸ ਮੌਕੇ ਐੱਲ.ਪੀ.ਯੂ. ਦੇ ਡੀਨ ਡਾ. ਸੌਰਭ ਲਖਨਪਾਲ ਨੇ “ਸਟਾਰਟ ਅੱਪ ਈਕੋਸਿਸਟਮ” ਵਿਸ਼ੇ ’ਤੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਸਵੈ-ਰੋਜ਼ਗਾਰ ਅਤੇ ਨਵੇਂ ਸਟਾਰਟਅੱਪ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਸਹਾਇਕ ਡੀਨ ਸ੍ਰੀ ਮਨਦੀਪ ਸਿੰਘ ਨੇ “ਪ੍ਰੋਟੋਟਾਈਪਿੰਗ” ਬਾਰੇ ਜਾਣੂ ਕਰਵਾਇਆ ਜਦਕਿ ਰਾਜਵੀਰ ਕਲਸੀ ਨੇ “ਸਟਾਰਟ ਅੱਪ ਇੰਡੀਆ ਸਕੀਮ” ਦੀਆਂ ਵਿਸ਼ੇਸ਼ਤਾਵਾਂ ਦੱਸੀਆਂ।

ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਐਮ.ਐੱਸ.ਐੱਮ.ਈ. ਇਨੋਵੇਸ਼ਨ ਸਕੀਮ ਅਤੇ ਪੰਜਾਬ ਸਟਾਰਟ ਅੱਪ ਮਿਸ਼ਨ ਵਰਗੀਆਂ ਸਰਕਾਰੀ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ ਨੇ ਕਿਹਾ ਕਿ ਉਦਯੋਗਪਤੀ ਸਿਰਫ਼ ਰੋਜ਼ਗਾਰ ਦਾ ਮਾਧਿਅਮ ਨਹੀਂ ਸਗੋਂ ਦੇਸ਼ ਦੀ ਆਰਥਿਕਤਾ ਅਤੇ ਸਮਾਜਿਕ ਵਿਕਾਸ ਲਈ ਇੱਕ ਨਵੀਂ ਦਿਸ਼ਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰੀ ਕਾਲਜ ਗੁਰਦਾਸਪੁਰ ਹਮੇਸ਼ਾਂ ਵਿਦਿਆਰਥੀਆਂ ਨੂੰ ਨਵੀਂ ਸੋਚ, ਨਵੀਨਤਾ ਅਤੇ ਉਦਯੋਗੀ ਮਨੋਬਿਰਤੀ ਵਿਕਸਤ ਕਰਨ ਲਈ ਉਤਸ਼ਾਹਿਤ ਕਰਦਾ ਰਹੇਗਾ।











