Share & like

ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 25 ਸਤੰਬਰ
ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਨੇ ਅੱਜ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਗੁਰਿੰਦਰ ਸਿੰਘ ਸੋਢੀ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿਚ ਐਸੋਸੀਏਸ਼ਨ ਵੱਲੋਂ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖਟੜਾ ਦੀ ਮੁਅੱਤਲੀ ਸਬੰਧੀ ਜਾਣਕਾਰੀ ਦਿੱਤੀ ਗਈ।
ਪ੍ਰਧਾਨ ਡਿਗਰਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਖਟੜਾ ਨੇ ਬਿਨਾਂ ਸੂਬਾ ਚੇਅਰਮੈਨ ਸੰਜੀਵ ਕੁਮਾਰ ਕਾਲੜਾ, ਸੂਬਾ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਰਾਜਦੀਪ ਗੁਪਤਾ ਦੀ ਪ੍ਰਵਾਨਗੀ ਤੋਂ ਬਿਨਾਂ ਮੋਗਾ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਖਟੜਾ ਵੱਲੋਂ ਸੰਵਿਧਾਨ ਦੇ ਉਲਟ ਜਾ ਕੇ ਨਵੀਂ ਸੂਬਾ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਦਾ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵੱਲੋਂ ਵਿਰੋਧ ਕੀਤਾ ਗਿਆ ਹੈ।
ਐਸੋਸੀਏਸ਼ਨ ਦੀ ਸੂਬਾ ਕਾਰਜਕਰਨੀ ਕਮੇਟੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰਪ੍ਰੀਤ ਸਿੰਘ ਖਟੜਾ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਬਰਖ਼ਾਸਤ/ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਡਿਗਰਾ ਨੇ ਕਿਹਾ ਕਿ ਹੁਣ ਕੇਵਲ ਸੂਬਾ ਕਾਰਜਕਰਨੀ ਹੀ ਭਵਿੱਖ ਦੇ ਫ਼ੈਸਲੇ ਕਰੇਗੀ ਅਤੇ ਜਲਦੀ ਹੀ ਨਵੀਂ ਜਨਰਲ ਸਕੱਤਰ ਦੀ ਚੋਣ ਲਈ ਸੂਬਾ ਪੱਧਰੀ ਮੀਟਿੰਗ ਬੁਲਾਈ ਜਾਵੇਗੀ।
ਪੱਤਰ ਰਾਹੀਂ ਡੀਪੀਆਈ ਤੋਂ ਮੰਗ ਕੀਤੀ ਗਈ ਕਿ ਗੁਰਪ੍ਰੀਤ ਸਿੰਘ ਖਟੜਾ ਵੱਲੋਂ ਬਣਾਈ ਗਈ ਨਵੀਂ ਯੂਨੀਅਨ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਤਾ ਨਾ ਦਿੱਤੀ ਜਾਵੇ, ਕਿਉਂਕਿ ਪਹਿਲਾਂ ਤੋਂ ਕੰਮ ਕਰਦੀ ਐਸੋਸੀਏਸ਼ਨ ਨੂੰ ਡੀਪੀਆਈ ਪੰਜਾਬ ਦੇ ਪੱਤਰ ਨੰਬਰ 1807-3/16431 ਮਿਤੀ 26 ਮਾਰਚ 1958 ਰਾਹੀਂ ਮਾਨਤਾ ਪ੍ਰਾਪਤ ਹੈ।

ਫੋਟੋ ਕੈਪਸ਼ਨ: ਡੀਪੀਆਈ ਨੂੰ ਮੰਗ ਪੱਤਰ ਸੌਂਪਦੇ ਸਰਬਜੀਤ ਸਿੰਘ ਡਿਗਰਾ।


ਐਸੋਸੀਏਸ਼ਨ ਨੇ ਕਿਹਾ ਕਿ ਜੇਕਰ ਡੀਪੀਆਈ ਦਫ਼ਤਰ ਵਲੋਂ ਨਵੀਂ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਹੈ ਤਾਂ ਇਸਦਾ ਪੂਰੇ ਪੰਜਾਬ ਵਿੱਚ ਗਲਤ ਸੁਨੇਹਾ ਜਾਵੇਗਾ। ਉਨ੍ਹਾਂ ਕਿਹਾ ਕਿ 10 ਅਕਤੂਬਰ ਤੱਕ ਸੂਬਾ ਕਾਰਜਕਰਨੀ ਵੱਲੋਂ ਲਿਖਤੀ ਪੱਤਰ ਰਾਹੀਂ ਡੀਪੀਆਈ ਨੂੰ ਸਪਸ਼ਟ ਕਰ ਦਿੱਤਾ ਜਾਵੇਗਾ ਕਿ ਭਵਿੱਖ ਵਿੱਚ ਐਸੋਸੀਏਸ਼ਨ ਦੀ ਅਧਿਕਾਰਤ ਨੁਮਾਇੰਦਗੀ ਕੋਣ ਕਰੇਗਾ। ਉਨ੍ਹਾਂ ਕਿਹਾ ਕਿ ਉਦੋਂ ਤੱਕ ਕਿਸੇ ਵੀ ਧੜੇ ਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਜਾਵੇ।


Share & like

Leave a Reply