ਪਰਿਵਾਰ ਤੇ ਭਾਈਚਾਰੇ ਵੱਲੋਂ ਰੋਸ, ਤੁਰੰਤ ਰਿਹਾਈ ਦੀ ਮੰਗ
ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 25 ਸਤੰਬਰ
ਅਮਰੀਕਾ ਵਿੱਚ ਪਿਛਲੇ 33 ਸਾਲਾਂ ਤੋਂ ਰਹਿ ਰਹੀ ਇੱਕ 73 ਸਾਲਾ ਸਿੱਖ ਬੀਬੀ ਹਰਜੀਤ ਕੌਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲੈ ਕੇ ਡਿਪੋਰਟ ਕਰ ਦਿੱਤਾ। ਇਸ ਕਾਰਵਾਈ ਕਾਰਨ ਪਰਿਵਾਰ ਅਤੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ।
ਵਕੀਲ ਦੀਪਕ ਆਹਲੂਵਾਲੀਆ ਨੇ ਦੱਸਿਆ ਕਿ ਹਰਜੀਤ ਕੌਰ ਨੂੰ ਸਾਂ ਫਰਾਂਸਿਸਕੋ ਦਫ਼ਤਰ ਵੱਲੋਂ “ਵਾਧੂ ਕਾਗਜ਼ਾਤ” ਲਈ ਸੱਦਣ ਮਗਰੋਂ ICE (ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ) ਨੇ ਅਚਾਨਕ ਹਿਰਾਸਤ ਵਿੱਚ ਲੈ ਲਿਆ। ਉਸ ਨੂੰ ਬੇਕਰਸਫੀਲਡ ਨਜ਼ਰਬੰਦੀ ਕੇਂਦਰ ਤੋਂ ਲਾਸ ਏਂਜਲਸ, ਫਿਰ ਜਾਰਜੀਆ ਰਾਹੀਂ ਨਵੀਂ ਦਿੱਲੀ ਭੇਜਿਆ ਗਿਆ।
ਪਰਿਵਾਰ ਦਾ ਦੋਸ਼ ਹੈ ਕਿ ਬੀਬੀ ਨੂੰ ਆਪਣੇ ਪਿਆਰਿਆਂ ਨੂੰ ਅੰਤਿਮ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਰਿਸ਼ਤੇਦਾਰਾਂ ਅਤੇ ਸੈਂਕੜੇ ਸਿੱਖਾਂ ਨੇ ਕੈਲੀਫੋਰਨੀਆ ਵਿੱਚ ਪ੍ਰਦਰਸ਼ਨ ਕਰਦਿਆਂ “ਸਾਡੀ ਦਾਦੀ ਨੂੰ ਰਿਹਾਅ ਕਰੋ” ਅਤੇ “ਦਾਦੀ ਨੂੰ ਘਰ ਲਿਆਓ” ਜਿਹੇ ਨਾਅਰੇ ਲਗਾਏ।
ਰਿਪੋਰਟਾਂ ਮੁਤਾਬਕ ਹਰਜੀਤ ਕੌਰ 1992 ਵਿੱਚ ਆਪਣੇ ਦੋ ਪੁੱਤਰਾਂ ਨਾਲ ਇੱਕ ਇਕੱਲੀ ਮਾਂ ਵਜੋਂ ਅਮਰੀਕਾ ਗਈ ਸੀ। 2012 ਵਿੱਚ ਉਸ ਦਾ asylum ਕੇਸ ਰੱਦ ਹੋ ਗਿਆ ਸੀ, ਪਰ ਉਹ 13 ਸਾਲਾਂ ਤੋਂ ਵੱਧ ਸਮੇਂ ਤੱਕ ਹਰ ਛੇ ਮਹੀਨੇ ICE ਨੂੰ ਰਿਪੋਰਟ ਕਰਦੀ ਰਹੀ।
ਉਸ ਦੀ ਪੋਤੀ ਸੁਖਦੀਪ ਕੌਰ ਨੇ ਦੱਸਿਆ ਕਿ ਉਹ ਇੱਕ “ਮਿਹਨਤੀ, ਨਿਰਸਵਾਰਥ ਅਤੇ ਮਾਂ ਵਰਗੀ ਸ਼ਖ਼ਸੀਅਤ” ਸੀ, ਜਿਸ ਨੇ ਪਰਿਵਾਰ ਨਾਲ ਮਿਲ ਕੇ ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਇੱਕ ਭਾਰਤੀ ਕੱਪੜਿਆਂ ਦੀ ਦੁਕਾਨ ਚਲਾਈ।
ਪਰਿਵਾਰ ਨੇ ਉਸ ਦੀ ਸਿਹਤ ‘ਤੇ ਵੀ ਗੰਭੀਰ ਚਿੰਤਾ ਜਤਾਈ ਹੈ। ਬੀਬੀ ਥਾਇਰਾਇਡ, ਮਾਈਗ੍ਰੇਨ, ਗੋਡਿਆਂ ਦੇ ਦਰਦ ਅਤੇ anxiety ਵਰਗੀਆਂ ਸਮੱਸਿਆਵਾਂ ਨਾਲ ਪੀੜਤ ਹੈ। ਵਕੀਲ ਆਹਲੂਵਾਲੀਆ ਦਾ ਦਾਅਵਾ ਹੈ ਕਿ ਜਾਰਜੀਆ ਵਿੱਚ ਹਿਰਾਸਤ ਦੌਰਾਨ ਉਸ ਨੂੰ 60-70 ਘੰਟੇ ਬਿਨਾਂ ਬਿਸਤਰੇ ਤੇ ਕੰਬਲ ਦੇ ਫਰਸ਼ ‘ਤੇ ਸੌਣਾ ਪਿਆ।











