ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਅਜਨਾਲਾ, 23 ਸਤੰਬਰ
ਸੀਪੀਆਈ ਐਮਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਅਜਨਾਲਾ ਅਤੇ ਨਜ਼ਦੀਕੀ ਪਿੰਡ ਲੱਖੂਵਾਲ ਵਿੱਚ ਰੈਲੀ ਕੀਤੀ ਗਈ। ਰੈਲੀ ਦੌਰਾਨ ਹੜਾਂ ਅਤੇ ਬਾਰਸਾਤ ਕਾਰਨ ਡਿੱਗੇ ਅਤੇ ਤਿੜਕੇ ਘਰਾਂ ਦੇ ਵਾਰਸਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।

ਰੈਲੀ ਵਿੱਚ ਬੋਲਦਿਆਂ ਮਜ਼ਦੂਰ ਅਤੇ ਕਿਸਾਨ ਆਗੂ ਮੰਗਲ ਸਿੰਘ ਧਰਮਕੋਟ, ਦਲਬੀਰ ਭੋਲਾ, ਸ਼ਮਸ਼ੇਰ ਹੇਰ, ਬਲਬੀਰ ਮੂਧਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਦੋਨੋ ਸਰਕਾਰਾਂ ਉੱਪਰ ਦੋਸ਼ ਲਗਾਇਆ ਕਿ ਅਜੇ ਤੱਕ ਗਰੀਬਾਂ ਦੇ ਢੱਠੇ ਘਰਾਂ ਲਈ ਕੋਈ ਠੋਸ ਐਲਾਨ ਨਹੀਂ ਕੀਤਾ ਗਿਆ। ਕਈ ਪਿੰਡਾਂ ਵਿੱਚ ਸਰਵੇ ਟੀਮਾਂ ਨਹੀਂ ਪਹੁੰਚੀਆਂ ਅਤੇ ਜਿੱਥੇ ਗਈਆਂ ਵੀ ਹਨ, ਉੱਥੇ ਨਿਰਪੱਖਤਾ ਦੀ ਬਜਾਏ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਗਰੀਬਾਂ ਦੇ ਡਿੱਗੇ ਘਰ ਲਈ ਘੱਟੋ-ਘੱਟ 5 ਲੱਖ ਰੁਪਏ ਅਤੇ ਤਿੜਕੇ ਘਰ ਲਈ ਇੱਕ ਲੱਖ ਰੁਪਏ ਦੀ ਫੌਰੀ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਸ਼ਰੀਫ ਨੇ ਉੱਥੇ ਦੇ ਹੜ ਪੀੜਤਾਂ ਨੂੰ ਡਿੱਗੇ ਘਰ ਲਈ 10 ਲੱਖ, ਤਿੜਕੇ ਘਰ ਲਈ 5 ਲੱਖ ਅਤੇ ਮਰੇ ਪਸ਼ੂ ਲਈ ਵੀ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪਰ ਭਾਰਤ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਇੱਥੇ ਦੇ ਪੀੜਤ ਪਰਿਵਾਰਾਂ ਨਾਲ ਵਿਤਕਰਾ ਕਰ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅੰਦਾਜ਼ੇ ਅਨੁਸਾਰ ਹੜਾਂ ਨਾਲ 14 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਪਰ ਕੇਂਦਰ ਵੱਲੋਂ ਸਿਰਫ 1600 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਮੋਦੀ ਸਰਕਾਰ ਦੀ ਪੰਜਾਬ ਵਿਰੋਧੀ ਨੀਤੀ ਸਪੱਸ਼ਟ ਹੁੰਦੀ ਹੈ। ਰੈਲੀ ਦੌਰਾਨ ਐਲਾਨ ਕੀਤਾ ਗਿਆ ਕਿ ਹੜ ਪੀੜਤਾਂ ਅਤੇ ਪਰਵਾਸੀ ਮਜ਼ਦੂਰਾਂ ਦੇ ਹੱਕਾਂ ਲਈ 29 ਸਤੰਬਰ ਨੂੰ ਸਾਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ।

ਫੋਟੋ ਕੈਪਸਨ: ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ ਰੈਲੀ ਨੂੰ ਸੰਬੋਧਨ ਕਰਦਿਆਂ।
ਇਸ ਮੌਕੇ ਪਾਸਟਰ ਰਜੇਸ਼ ਹੰਸ, ਹਰਜੀਤ ਕੌਰ ਲੱਖੂਵਾਲ, ਕੁਲਵਿੰਦਰ ਸਿੰਘ ਨਿਝੱਰ, ਸ੍ਰੀਮਤੀ ਲਵਲੀ, ਬਬੀ ਅਤੇ ਦੀਪਾ ਫੌਜੀ ਸਮੇਤ ਕਈ ਲੋਕ ਸ਼ਾਮਲ ਹੋਏ।










