Share & like

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਮੇਤ ਹੋਰਨਾਂ ਮੰਗਾਂ ਦੇ ਜਲਦ ਹੱਲ ਦੀ ਮੰਗ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 23 ਸਤੰਬਰ
ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ ‘ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਇੱਕ ਵੱਡੀ ਅਹਿਮ ਕਾਰਵਾਈ ਕੀਤੀ ਗਈ। ਫੈਡਰੇਸ਼ਨ ਦੇ ਆਗੂਆਂ ਸੋਮ ਸਿੰਘ, ਕੁਲਦੀਪ ਸਿੰਘ ਪੂਰੇਵਾਲ, ਰਜਨੀ ਪ੍ਰਕਾਸ਼ ਸਿੰਘ ਅਤੇ ਅਨਿਲ ਕੁਮਾਰ ਲਾਹੌਰੀਆ ਦੀ ਅਗਵਾਈ ਵਿੱਚ ਕਰਮਚਾਰੀਆਂ ਨੇ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ। ਇਸ ਮੰਗ ਪੱਤਰ ਵਿੱਚ ਕਰਮਚਾਰੀਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਪਈਆਂ ਸਮੱਸਿਆਵਾਂ ਅਤੇ ਹੱਕਾਂ ਨੂੰ ਦਰਸਾਇਆ।

ਆਗੂਆਂ ਨੇ ਮੰਗ ਕੀਤੀ ਹੈ ਕਰਮਚਾਰੀਆਂ ਨੇ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਪੀ ਐਫ ਆਰ ਡੀ ਏ ਬਿਲ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕੀਤੀ ਜਾਵੇ ਕਿਉਂਕਿ ਨਵੀਂ ਸਕੀਮ ਕਰਮਚਾਰੀਆਂ ਦੇ ਭਵਿੱਖ ਲਈ ਘਾਤਕ ਸਾਬਤ ਹੋ ਰਹੀ ਹੈ। ਚਾਰ ਲੇਬਰ ਕੋਡਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਹ ਮਜ਼ਦੂਰਾਂ ਦੇ ਹੱਕਾਂ ਨੂੰ ਕਮਜ਼ੋਰ ਕਰਦੇ ਹਨ। ਉਹਨਾਂ ਨੇ ਮੰਗ ਕੀਤੀ ਕਿ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਆਊਟਸੋਰਸਿੰਗ ਤੇ ਠੇਕੇਦਾਰੀ ਰਾਹੀਂ ਭਰਤੀ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ। ਸਿੱਖਿਆ ਖੇਤਰ ਸਬੰਧੀ ਕਰਮਚਾਰੀਆਂ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਦੀ ਮੰਗ ਕੀਤੀ।

ਇਸੇ ਤਰ੍ਹਾਂ ਸਾਰੇ ਵਿਭਾਗਾਂ ਚ ਕਰਮਚਾਰੀਆਂ ਦਾ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਸੁਵਿਧਾ ਲਾਗੂ ਕੀਤੀ ਜਾਵੇ, ਪ੍ਰਾਈਵੇਟਸਨ ਬੰਦ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, ਸਿੱਖਿਆ ਬਜਟ ਚ ਵਾਧਾ ਕੀਤਾ ਜਾਵੇ, ਗੌਰਮਿੰਟ ਸਕੂਲ਼ਾਂ ਚ ਵਾਧਾ ਕੀਤਾ ਜਾਵੇ ਅਤੇ ਸਕੂਲ ਮਰਜ਼ ਕਰਨ ਦੀ ਨੀਤੀ ਨੂੰ ਵਾਪਸ ਲਿਆ ਜਾਵੇ, ਅਧਿਆਪਕ ਵਿਦਿਆਰਥੀਆਂ ਦਾ ਅਨੁਪਾਤ ਪ੍ਰੀ ਪ੍ਰਾਇਮਰੀ ਜਮਾਤਾਂ ਲਈ 1:10, ਪ੍ਰਾਇਮਰੀ ਜਮਾਤਾਂ ਲਈ 1:20 , ਮਿਡਲ ਜਮਾਤਾਂ ਲਈ 1:25 , ਸੈਕੰਡਰੀ ਜਮਾਤਾਂ ਲਈ 1:30 , ਸੀਨੀਅਰ ਸੈਕੰਡਰੀ ਜਮਾਤਾਂ ਲਈ 1:35 ਲਾਗੂ ਕੀਤਾ ਜਾਵੇ, ਅੱਠਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ ਅਤੇ ਹਰੇਕ ਪੰਜ ਸਾਲ ਬਾਅਦ ਪੇ ਕਮਿਸ਼ਨ ਰੀਵਾਈਜ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਐਸਸੀ, ਐਸਟੀ, ਬੀਸੀ ਲੜਕੀਆਂ ਨੂੰ ਕਿਤਾਬਾਂ, ਵਰਦੀਆਂ ਤੇ ਵਜ਼ੀਫ਼ੇ ਦੀ ਰਾਸ਼ੀ ਚ ਵਾਧਾ ਕੀਤਾ ਜਾਵੇ, ਮਿਡਲ ਡੇ ਮੀਲ ਤੇ ਬ੍ਰੇਕ ਫਾਸਟ ਪ੍ਰੀ ਨਰਸਰੀ ਤੋਂ ਬਾਰਵੀਂ ਜਮਾਤ ਤੱਕ ਲਾਗੂ ਕੀਤਾ ਜਾਵੇ, ਹਰੇਕ ਸਾਲ 3 ਜਨਵਰੀ ਮਹਿਲਾ ਅਧਿਆਪਕ ਸਵਿਤਰੀ ਬਾਈ ਫੂਲੇ ਦੇ ਸਨਮਾਨ ਵਜੋਂ ਰਾਸ਼ਟਰੀ ਮਹਿਲਾ ਅਧਿਆਪਕ ਦਿਵਸ ਵਜੋਂ ਐਲਾਨ ਕੀਤਾ ਜਾਵੇ, ਗੈਰ ਵਿੱਦਿਅਕ ਕੰਮਾਂ ਤੋਂ ਅਧਿਆਪਕਾਂ ਨੂੰ ਛੋਟ ਦਿੱਤੀ ਜਾਵੇ, ਇਨਕਮ ਟੈਕਸ ਚ ਇੱਕ ਲੱਖ ਰੁਪਏ ਸਟੈਂਡਰਡ ਕਟੌਤੀ, 15 ਲੱਖ ਤੱਕ ਆਮਦਨ ਕਰ ਤੋਂ ਛੋਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਪੱਧਰ ‘ਤੇ ਸੁਪਰੀਮ ਕੋਰਟ ਵੱਲੋਂ ਅਧਿਆਪਕਾਂ ਤੇ ਥੋਪਿਆ ਗਿਆ ਟੀਚਰਜ਼ ਯੋਗਤਾ ਟੈਸਟ ਦੇ ਸਬੰਧ ਵਿੱਚ ਰੀਵਿਊ ਪਟੀਸ਼ਨ ਦਾਇਰ ਕੀਤੀ ਜਾਵੇ ਅਤੇ ਸਿੱਖਿਆ ਅਧਿਕਾਰ ਐਕਟ ਵਿੱਚ ਸੈਕਸ਼ਨ 23 ਚ ਸੋਧ ਕੀਤੀ ਜਾਵੇ। ਇਸ ਤੋਂ ਇਲਾਵਾ ਮੰਗ ਪੱਤਰ ਵਿੱਚ ਦਰਜ਼ ਹੋਰ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਸਰਕਾਰ ਤੋਂ ਮੰਗ ਕੀਤੀ ਗਈ।

ਇਸ ਮੌਕੇ ਦਿਲਦਾਰ ਸਿੰਘ ਭੰਡਾਲ, ਰਵਿੰਦਰ ਸਿੰਘ, ਕੰਸ ਰਾਜ, ਹਰਜੀਤ ਸਿੰਘ, ਨਰਿੰਦਰ ਸਿੰਘ, ਪਵਨ ਕੁਮਾਰ, ਪ੍ਰੇਮ ਕੁਮਾਰ, ਸੁਖਵਿੰਦਰ ਸਿੰਘ, ਵੱਸਣ ਸਿੰਘ, ਪ੍ਰਵੇਸ਼ ਕੁਮਾਰ, ਅਜੀਤ ਸਿੰਘ, ਜਸਵੰਤ ਸਿੰਘ, ਹਰਦਿਆਲ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਜਗਜੀਤ ਸਿੰਘ, ਕਪਿਲ ਸ਼ਰਮਾ, ਰਜਨੀਸ਼ ਕੁਮਾਰ, ਸਲੀਮ, ਵਰਿੰਦਰ ਕੁਮਾਰ, ਲਵਜੀਤ ਮਸੀਹ ਸਮੇਤ ਕਈ ਕਰਮਚਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਫੈਡਰੇਸ਼ਨ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਇਹ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।


Share & like

Leave a Reply