Share & like

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਦੋਰਾਂਗਲਾ/ਗੁਰਦਾਸਪੁਰ, 23 ਸਤੰਬਰ
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੋਰਾਂਗਲਾ ਸ੍ਰੀ ਨਰੇਸ਼ ਕੁਮਾਰ ਪਨਿਆੜ ਵੱਲੋਂ ਬਲਾਕ ਦੇ ਸਮੂਹ ਸੈਂਟਰ ਹੈਡ ਟੀਚਰਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਜਿਸਦਾ ਮੁੱਖ ਉਦੇਸ਼ ਬਲਾਕ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਉੱਚਾ ਕਰਨਾ ਅਤੇ ਵਿਦਿਆਰਥੀਆਂ ਲਈ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਨਾ ਸੀ।

ਮੀਟਿੰਗ ਦੌਰਾਨ ਸ੍ਰੀ ਪਨਿਆੜ ਨੇ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਖਜ਼ਾਨਾ ਹੈ। ਬਿਨਾਂ ਸਿੱਖਿਆ ਦੇ ਮਨੁੱਖ ਅਧੂਰਾ ਹੈ। ਸਮੇਂ ਦੇ ਨਾਲ ਹਰ ਖੇਤਰ ਵਿੱਚ ਤਬਦੀਲੀਆਂ ਆ ਰਹੀਆਂ ਹਨ, ਉਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਵੀ ਕਾਫ਼ੀ ਬਦਲਾਅ ਹੋ ਰਹੇ ਹਨ, ਜਿਸਨੂੰ ਆਧੁਨਿਕ ਸਿੱਖਿਆ ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਸਿੱਖਿਆ ਸਿਰਫ਼ ਪੜ੍ਹਨਾ-ਲਿਖਣਾ ਅਤੇ ਧਾਰਮਿਕ ਗਿਆਨ ਤੱਕ ਸੀਮਿਤ ਸੀ, ਪਰ ਹੁਣ ਆਧੁਨਿਕ ਸਿੱਖਿਆ ਵਿੱਚ ਕਿਤਾਬੀ ਗਿਆਨ ਤੋਂ ਇਲਾਵਾ ਵਿਦਿਆਰਥੀਆਂ ਦੀ ਪ੍ਰਯੋਗਸ਼ੀਲਤਾ, ਭਾਗੀਦਾਰੀ ਅਤੇ ਸਿਖਲਾਈ ਪ੍ਰਣਾਲੀਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਪੜ੍ਹੋ ਪੰਜਾਬ-1, ਪੜ੍ਹੋ ਪੰਜਾਬ-2 ਅਤੇ ਪ੍ਰਵੇਸ਼ ਪ੍ਰੋਜੈਕਟ ਚਲਾਏ ਗਏ, ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆਏ। ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਮਿਸ਼ਨ ਸਮਰੱਥ 3.0 ਚਲਾਇਆ ਜਾ ਰਿਹਾ ਹੈ।

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਸੈਂਟਰ ਹੈਡ ਟੀਚਰਜ਼ ਨੂੰ ਨਿਰਦੇਸ਼ ਦਿੱਤਾ ਕਿ ਮਿਸ਼ਨ ਸਮਰੱਥ ਦੀ ਅੰਤਿਮ ਜਾਂਚ ਦੀ ਰਿਪੋਰਟ ਨੂੰ ਈ-ਪੰਜਾਬ ਸਟਾਫ ਐਪ ਉੱਤੇ ਅਪਲੋਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟਰਮ-1 ਸਤੰਬਰ ਪ੍ਰੀਖਿਆ ਸ਼ੁਰੂ ਹੋ ਚੁੱਕੀ ਹੈ ਅਤੇ ਪੇਪਰ ਨੂੰ ਲਗਾਤਾਰ ਚੈੱਕ ਕਰਕੇ ਰਿਕਾਰਡ ਤਿਆਰ ਕੀਤਾ ਜਾਵੇ।

ਸ੍ਰੀ ਪਨਿਆੜ ਨੇ ਬੱਚਿਆਂ ਦੀ ਸਰੀਰਿਕ ਵਿਕਾਸ ਲਈ ਖੇਡੋ ਪੰਜਾਬ ਪ੍ਰੋਗਰਾਮ ਦੇ ਤਹਿਤ ਸੈਂਟਰ ਪੱਧਰ ਦੀਆਂ ਖੇਡਾਂ ਕਰਵਾਉਣ ਦੀ ਯੋਜਨਾ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਸੈਂਟਰ ਹੈਡ ਟੀਚਰਜ਼ ਖੇਡਾਂ ਦੀਆਂ ਤਰੀਕਾਂ ਨਿਰਧਾਰਤ ਕਰਨ ਅਤੇ 15 ਅਕਤੂਬਰ ਤੋਂ ਪਹਿਲਾਂ ਬਲਾਕ ਪੱਧਰ ਦੀਆਂ ਖੇਡਾਂ ਸੰਪੂਰਨ ਕਰਨ ਯਕੀਨੀ ਬਣਾਇਆ ਜਾਵੇ।

ਮੀਟਿੰਗ ਦੌਰਾਨ ਸੈਂਟਰ ਹੈਡ ਟੀਚਰ ਸੋਨੂੰ ਕੁਮਾਰ, ਮਦਨ ਗੋਪਾਲ, ਰਵੀ ਕੁਮਾਰ, ਅਤੁਲ ਮਹਾਜਨ, ਗੁਰਪ੍ਰੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਬਾਜਵਾ, ਪ੍ਰਦੀਪ ਕੁਮਾਰ ਅਤੇ ਮੈਡਮ ਸ਼ਸ਼ੀ ਬਹਿਰਾਮਪੁਰ ਹਾਜ਼ਰ ਸਨ।


Share & like

Leave a Reply