ਹੜ੍ਹਾਂ ਨਾਲ ਸਕੂਲਾਂ ਦਾ ਮਿਡ ਡੇ ਮੀਲ ਰਾਸ਼ਨ ਖ਼ਰਾਬ; ਐਨਜੀਓਜ਼ ਵੱਲੋਂ ਸਹਾਇਤਾ ਮੁਹਿੰਮ ਜਾਰੀ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਦੋਰਾਂਗਲਾ/ਗੁਰਦਾਸਪੁਰ, 23 ਸਤੰਬਰ
ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਸਕੂਲਾਂ ਵਿੱਚ ਬੱਚਿਆਂ ਦੇ ਮਿਡ ਡੇ ਮੀਲ ਦੀ ਵਿਵਸਥਾ ਮੁਸ਼ਕਲ ਬਣ ਗਈ ਸੀ। ਇਸ ਸੰਕਟ ਨੂੰ ਦੂਰ ਕਰਨ ਲਈ ਅਕਾਲ ਪੁਰਖ ਕੀ ਫੌਜ ਅਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਨੇ ਸਿੱਖਿਆ ਬਲਾਕ ਦੋਰਾਂਗਲਾ ਦੇ ਸਕੂਲਾਂ ਵਿੱਚ ਰਾਸ਼ਨ ਕਿੱਟਾਂ ਵੰਡ ਕੇ ਸੇਵਾ ਦਾ ਫਰਜ਼ ਨਿਭਾਇਆ ਹੈ।

ਇਨ੍ਹਾਂ ਕਿੱਟਾਂ ਵਿੱਚ ਮਿਡ ਡੇ ਮੀਲ ਲਈ ਆਟਾ, ਚਾਵਲ, ਦਾਲਾਂ, ਰਿਫਾਇੰਡ ਅਤੇ ਹੋਰ ਸਮੱਗਰੀ ਦਿੱਤੀ ਗਈ ਹੈ। ਸੇਵਾਦਾਰ ਡਾ. ਹਰਵਿੰਦਰਪਾਲ ਸਿੰਘ ਜੈਨਪੁਰ ਨੇ ਦੱਸਿਆ ਕਿ ਹੜ੍ਹਾਂ ਕਾਰਨ ਸਕੂਲਾਂ ਦਾ ਪੁਰਾਣਾ ਰਾਸ਼ਨ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ ਸੀ ਜਿਸ ਕਰਕੇ ਬੱਚਿਆਂ ਲਈ ਖਾਣਾ ਤਿਆਰ ਕਰਨਾ ਬਹੁਤ ਮੁਸ਼ਕਲ ਬਣ ਗਿਆ ਸੀ। ਇਸੇ ਲਈ ਹਰ ਸਕੂਲ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ। ਡਾ. ਜੈਨਪੁਰ ਨੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਕੁਝ ਕਿੱਟਾਂ ਵੰਡੀਆਂ ਗਈਆਂ ਹਨ ਜਦਕਿ ਬਾਕੀਆਂ ਨੂੰ ਜਲਦ ਹੀ ਭੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੰਗਠਨ ਨੇ ਸਕੂਲਾਂ ਨੂੰ ਬਸਤੇ ਅਤੇ ਸਟੇਸ਼ਨਰੀ ਵੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ।

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਕੁਮਾਰ ਪਨਿਆੜ ਨੇ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੇਵਾ ਅਸਲ ਅਰਥਾਂ ਵਿੱਚ ਮਨੁੱਖਤਾ ਦੀ ਸੇਵਾ ਹੈ ਅਤੇ ਇਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੱਚੀ ਸੇਵਾ ਉਹ ਹੈ ਜੋ ਲੋਕਾਂ ਦੇ ਸੰਕਟ ਵੇਲੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਮੁਸਕਰਾਹਟਾਂ ਸਾਡੀ ਸਭ ਤੋਂ ਵੱਡੀ ਤਾਕਤ ਹਨ।
ਇਸੇ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸਪੋਰਟਸ ਕੋਆਰਡੀਨੇਟਰ ਹਰਪ੍ਰੀਤ ਸਿੰਘ, ਸੈਂਟਰ ਹੈੱਡ ਟੀਚਰ ਸੋਨੂ ਕੁਮਾਰ, ਗੁਰਪ੍ਰੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਬਾਜਵਾ, ਰਵੀ ਕੁਮਾਰ, ਅਤੁਲ ਮਹਾਜਨ, ਮੈਡਮ ਸ਼ਸ਼ੀ, ਪਰਦੀਪ ਕੁਮਾਰ, ਮਦਨ ਗੋਪਾਲ, ਮਨਜਿੰਦਰ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ, ਨਵਦੀਪ ਸਿੰਘ ਅਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਦੇ ਮੈਂਬਰ ਵੀ ਹਾਜ਼ਰ ਸਨ।











