Share & like

ਅੰਬੇਡਕਰੀ ਸੋਚ ਦੀ ਰੋਸ਼ਨੀ ਵਿੱਚ ਦਲਿਤ ਆਗੂਆਂ ਵੱਲੋਂ ਇਤਿਹਾਸਕ ਪਿਛੋਕੜ ਤੇ ਵਰਤਮਾਨ ਹਾਲਾਤਾਂ ‘ਤੇ ਚਰਚਾ

ਰਾਖਵਾਂਕਰਨ ਦੇ ਹੱਕਾਂ ਦੀ ਰੱਖਿਆ ਲਈ ਜਾਗਰੂਕ ਹੋਣਾ ਲਾਜ਼ਮੀ: ਬੁਲਾਰੇ

ਰਿਪੋਰਟ: ਜਤਿੰਦਰ ਬੈਂਸ ਸੰਪਾਦਕ ਰੋਜ਼ਾਨਾ ਖ਼ਬਰ

ਗੁਰਦਾਸਪੁਰ, 22 ਸਤੰਬਰ
ਰਾਖਵਾਂਕਰਨ ਦੇ ਹੱਕਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਪੂਨਾ ਪੈਕਟ ਦੇ ਇਤਿਹਾਸਕ ਮਹੱਤਵ ਨੂੰ ਯਾਦ ਕਰਦਿਆਂ ਐਸਸੀ/ਬੀਸੀ ਅਧਿਆਪਕ ਅਤੇ ਮੁਲਾਜ਼ਮ ਯੂਨੀਅਨ ਵੱਲੋਂ ਦਲਿਤ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਵੱਡੇ ਸੂਬਾ ਪੱਧਰੀ ਕੇਡਰ ਕੈਂਪ ਦਾ ਆਯੋਜਨ ਗੁਰਦਾਸਪੁਰ ਦੇ ਪੈਲਸ ਰਾਇਲ ਵਿਲਾ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਚੀਫ ਆਰਗਨਾਈਜ਼ਰ ਅਤੇ ਜ਼ਿਲ੍ਹਾ ਸਰਪ੍ਰਸਤ ਪਰਮਿੰਦਰ ਸਿੰਘ ਕੋਠੇ ਨੇ ਕੀਤੀ।

ਫੋਟੋ ਕੈਪਸਨ:ਕੇਡਰ ਕੈਂਪ ਵਿੱਚ ਸ਼ਮੂਲੀਅਤ ਕਰਦੇ ਅਧਿਆਪਕ, ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਅਤੇ ਆਮ ਲੋਕ। ਫੋਟੋ: ਬੈਂਸ

ਸਮਾਗਮ ਦੌਰਾਨ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਨੇ ਕਿਹਾ ਕਿ 24 ਸਤੰਬਰ 1932 ਨੂੰ ਪੁਣੇ ਦੀ ਯੈਰਵੜਾ ਸੈਂਟਰਲ ਜੇਲ੍ਹ ਵਿੱਚ ਡਾ. ਭੀਮਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਾਲੇ ਹੋਇਆ “ਪੂਨਾ ਪੈਕਟ” ਸਿਰਫ਼ ਇੱਕ ਸਮਝੌਤਾ ਨਹੀਂ ਸੀ, ਸਗੋਂ ਇਹ ਦਲਿਤਾਂ ਲਈ ਰਾਜਨੀਤਿਕ ਸਸ਼ਕਤੀਕਰਨ ਦੀ ਨੀਂਹ ਸੀ। ਇਸ ਦੇ ਤਹਿਤ ਵਿਧਾਨ ਮੰਡਲਾਂ ਵਿੱਚ 148 ਸੀਟਾਂ ਰਾਖਵੇਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ “ਡਾ. ਅੰਬੇਡਕਰ ਸਰੀਰਕ ਤੌਰ ‘ਤੇ ਸਾਡੇ ਵਿਚ ਨਹੀਂ ਹਨ ਪਰ ਉਨ੍ਹਾਂ ਦੇ ਵਿਚਾਰ ਅੱਜ ਵੀ ਸਾਡੇ ਹੱਕਾਂ ਦੀ ਲੜਾਈ ਲਈ ਪ੍ਰੇਰਣਾ ਹਨ।”

ਬਲਵਿੰਦਰ ਭਾਰਤੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਰਾਖਵਾਂਕਰਨ ਦੀ ਨੀਤੀ ਲਾਗੂ ਕਰਨ ਵਿੱਚ ਬੇਨਿਯਮਆਂ ਹੋਈਆਂ ਹਨ ਅਤੇ ਅਜਿਹਾ ਸਮਾਜ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ “ਬਾਬਾ ਸਾਹਿਬ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਸਿਧਾਂਤਾਂ ਨੂੰ ਸਾਂਭ ਕੇ ਰੱਖਿਆ ਜਾਵੇਗਾ, ਪਰ ਅੱਜ ਵੀ ਰਾਖਵਾਂਕਰਨ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ।”

ਫੋਟੋ ਕੈਪਸ਼ਨ: ਕੇਡਰ ਕੈਂਪ ਦੌਰਾਨ ਰਾਖਵੇਂਕਰਨ ਸਬੰਧੀ ਨੁਕਤੇ ਸਾਂਝੇ ਕਰਦੇ ਬਲਵਿੰਦਰ ਭਾਰਤੀ। ਫੋਟੋ: ਬੈਂਸ

ਉਨ੍ਹਾਂ ਰਾਖਵਾਂਕਰਨ ਨੀਤੀ ਨੂੰ ਕਾਨੂੰਨੀ, ਤਕਨੀਕੀ ਅਤੇ ਰੋਸਟਰ ਦੇ ਨੁੱਕਤੇ ਤੋਂ ਸਮਝਾਇਆ ਅਤੇ ਦੱਸਿਆ ਕਿ ਜਿਹੜੇ ਅਧਿਕਾਰੀ ਰਾਖਵਾਂਕਰਨ ਨੀਤੀ ਨੂੰ ਅਣਗੋਲਿਆਂ ਕਰਕੇ ਗ਼ਲਤ ਤਰੱਕੀਆਂ ਕਰਦੇ ਹਨ, ਉਨ੍ਹਾਂ ਲਈ ਰਾਖਵਾਂਕਰਨ ਐਕਟ 2006 ਦੇ ਸੋਧ ਐਕਟ ਅਧੀਨ 7 ਸਾਲ ਤੱਕ ਦੀ ਕੈਦ ਦਾ ਪ੍ਰਾਵਧਾਨ ਹੈ। ਪਰ ਉਸਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਯੂਨੀਅਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਧੁੱਗਾ ਨੇ ਆਖਿਆ ਕਿ ਪੜ੍ਹਾਈ ਦਾ ਅਸਲ ਮਤਲਬ ਹੈ ਆਪਣੇ ਹੱਕਾਂ ਦੀ ਸਮਝ ਅਤੇ ਉਨ੍ਹਾਂ ਦੀ ਰੱਖਿਆ। ਉਨ੍ਹਾਂ ਕਿਹਾ ਕਿ “ਸੁੱਤਾ ਪਿਆ ਸਮਾਜ ਜਾਗੇ, ਤਾਂ ਹੀ ਸਾਡੀ ਅਸਲੀ ਤਾਕਤ ਸਾਹਮਣੇ ਆ ਸਕਦੀ ਹੈ।” ਉਨ੍ਹਾਂ 1978 ਦੇ ਸੇਵਾ ਨਿਯਮਾਂ ਅਤੇ 1969 ਦੀਆਂ ਹਦਾਇਤਾਂ ਅਨੁਸਾਰ ਸੀਨੀਆਰਤਾ ਸੂਚੀ ਬਣਾਉਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕੈਂਪ ਦੀਆਂ ਤਿਆਰੀਆਂ ਲਈ ਸਰਹੱਦੀ ਜ਼ਿਲ੍ਹਿਆਂ ਦੀ ਟੀਮ ਦੀ ਵਡਿਆਈ ਕੀਤੀ ਅਤੇ ਕੈਂਪ ਦੀ ਸਫਲਤਾ ਲਈ ਵਧਾਈ ਦਿੱਤੀ।

ਫੋਟੋ ਕੈਪਸ਼ਨ: ਯੂਨੀਅਨ ਦੇ ਸੂਬਾ ਚੀਫ ਆਰਗਨਾਈਜਰ ਅਤੇ ਜ਼ਿਲ੍ਹਾ ਸਰਪ੍ਰਸਤ ਪਰਮਿੰਦਰ ਸਿੰਘ ਕੋਠੇ ਸੰਬੋਧਨ ਕਰਦੇ ਹੋਏ। ਫੋਟੋ: ਬੈਂਸ

ਯੂਨੀਅਨ ਦੇ ਸੂਬਾ ਚੀਫ ਆਰੇਗਨਾਈਜ਼ਰ ਅਤੇ ਯੂਨੀਅਨ ਦੇ ਜ਼ਿਲ੍ਹਾ ਸਰਪ੍ਰਸਤ ਪਰਮਿੰਦਰ ਸਿੰਘ ਦੇ ਉਪਰਾਲਿਆਂ ਨਾਲ ਅੱਜ ਬਾਬਾ ਸਾਹਿਬ ਦੇ ਵਿਚਾਰਾਂ ਨਾਲ ਸਾਂਝ ਪਾਉਣ ਤੇ ਜਾਗਰੂਕਤਾ ਫੈਲਾਉਣ ਲਈ ਇੱਕ ਪਲੇਟਫਾਰਮ ਮਿਲਿਆ ਹੈ।
ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਪਰਮਜੀਤ ਸਿੰਘ ਬੈਂਸ ਨੇ ਸੰਖੇਪ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ “ਡਾ. ਅੰਬੇਡਕਰ ਦੀ ਸੋਚ ਅਤੇ ਸਿਧਾਂਤਾਂ ਨੂੰ ਅਪਣਾਉਣਾ ਹੀ ਅਸਲ ਸ਼ਰਧਾਂਜਲੀ ਹੈ।”

ਸੂਬਾਈ ਆਗੂ ਸਵਿੰਦਰ ਸਿੰਘ ਜੈਤੋਸਰਜਾ, ਪ੍ਰਮੋਦ ਕੁਮਾਰ, ਪਰਮਿੰਦਰ ਸਿੰਘ ਰੋਪੜ, ਗੁਰਸੇਵਕ ਸਿੰਘ ਕਲੇਰ ਸੰਗਰੂਰ, ਗੁਰਪ੍ਰੀਤ ਸਿੰਘ, ਵੀਰ ਸਿੰਘ ਮੋਗਾ, ਕੁਲਵਿੰਦਰ ਸਿੰਘ ਬਿੱਟੂ ਰੋਪੜ, ਜਸਪਾਲ ਸਿੰਘ ਭੱਟੀ, ਸਤਨਾਮ ਸਿੰਘ ਹਰਪੁਰਾ, ਹਰਵੰਤ ਸਿੰਘ ਸਮੇਤ ਕਈ ਜ਼ਿਲਿਆਂ ਤੋਂ ਆਏ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਾਰਿਆਂ ਨੇ ਇਹ ਗੱਲ ਉੱਤੇ ਜ਼ੋਰ ਦਿੱਤਾ ਕਿ ਰਾਖਵਾਂਕਰਨ ਸਿਰਫ਼ ਇੱਕ ਕਾਨੂੰਨੀ ਹੱਕ ਨਹੀਂ, ਸਗੋਂ ਸਮਾਜਕ ਨਿਆਂ ਦਾ ਅਟੁੱਟ ਹਿੱਸਾ ਹੈ, ਜਿਸਦੀ ਰੱਖਿਆ ਲਈ ਸਾਂਝੀ ਜਾਗਰੂਕਤਾ ਤੇ ਸੰਗਠਨ ਲਾਜ਼ਮੀ ਹਨ।
ਯੂਨੀਅਨ ਦੇ ਸੂਬਾ ਆਰਗੇਨਾਈਜਰ ਤੇ ਜ਼ਿਲ੍ਹਾ ਸਰਪ੍ਰਸਤ ਪਰਮਿੰਦਰ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਫੋਟੋ ਕੈਪਸ਼ਨ: ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਸੰਬੋਧਨ ਕਰਦਿਆਂ। ਫੋਟੋ: ਬੈਂਸ

ਮੰਚ ਸੰਚਾਲਨ ਪਵਨ ਕੁਮਾਰ ਨੇ ਕੀਤਾ। ਇਸ ਦੌਰਾਨ ਪੁਰਾਣੇ ਆਗੂਆਂ ਦੇ ਯੋਗਦਾਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸੇਵਾ ਨੂੰ ਸਲਾਮ ਕੀਤਾ ਗਿਆ। ਸਮਾਗਮ ਦਾ ਅੰਤ “ਸਮਾਜਕ ਜਾਗਰੂਕਤਾ” ਦੀ ਸਹੁੰ ਨਾਲ ਕੀਤਾ ਗਿਆ। ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਸ਼ ਰਾਜ ਬੈਂਸ, ਪ੍ਰਿੰਸੀਪਲ ਸੁਰਜੀਤ ਰਾਜ, ਸ਼ਾਮ ਲਾਲ, ਪ੍ਰਸ਼ੋਤਮ ਚੰਦ , ਦਲਬੀਰ ਸਿੰਘ ਸੱਖੋਵਾਲੀਆ, ਕੁਲਦੀਪ ਰਾਜ ਦੀਨਾਨਗਰ, ਯਸ਼ਪਾਲ, ਤ੍ਰਲੋਚਨ ਚੰਦ, ਰਾਜ ਕੁਮਾਰ, ਰਾਮ ਸਿੰਘ ਬਟਾਲਾ ਆਦਿ ਹਾਜ਼ਰ ਸਨ।


Share & like

Leave a Reply