ਵਿਦੇਸ਼ੀ ਗੈਂਗਸਟਰ ਮਨੂ ਅਗਵਾਨ, ਜੀਸ਼ਾਨ ਅਖ਼ਤਰ ਤੇ ਗੋਪੀ ਨਵਾਂਸ਼ਹਿਰੀਆ ਦੇ ਇਸ਼ਾਰੇ ’ਤੇ ਹੋਈ ਸੀ ਟਾਰਗਟ ਕਿਲਿੰਗ: ਡੀਜੀਪੀ ਗੌਰਵ ਯਾਦਵ
ਨਾਗਾਲੈਂਡ ਦੀ ਅਦਾਲਤ ਤੋਂ ਟ੍ਰਾਂਜਿਟ ਰਿਮਾਂਡ ਲੈ ਕੇ ਲਿਆਂਦੇ ਜਾ ਰਹੇ ਹਨ ਪੰਜਾਬ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ/ਬਟਾਲਾ, 21 ਸਤੰਬਰ
ਪੰਜਾਬ ਨੂੰ ਸੁਰੱਖਿਅਤ ਤੇ ਸ਼ਾਂਤਮਈ ਰਾਜ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਪੰਜਾਬ ਨੇ ਬਟਾਲਾ ਪੁਲਿਸ, ਕੇਂਦਰੀ ਏਜੰਸੀਆਂ ਅਤੇ ਨਾਗਾਲੈਂਡ ਪੁਲਿਸ ਨਾਲ ਸਾਂਝੇ ਓਪਰੇਸ਼ਨ ਦੌਰਾਨ ਜੁਗਰਾਜ ਸਿੰਘ ਉਰਫ਼ ਜੁੱਗਾ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਨੂੰ ਕੋਹੀਮਾ (ਨਾਗਾਲੈਂਡ) ਤੋਂ ਕਾਬੂ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਦਿੱਤੀ।

ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਹਰਮਨਪ੍ਰੀਤ ਸਿੰਘ ਉਰਫ਼ ਹਰਮਨ ਅਤੇ ਉਸਦੇ ਕਜ਼ਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ। ਦੋਵੇਂ ਬਟਾਲਾ ਦੇ ਪਿੰਡ ਕਾਲੇਰ ਦੇ ਰਹਿਣ ਵਾਲੇ ਹਨ।
ਯਾਦ ਰਹੇ ਕਿ 9 ਸਤੰਬਰ 2025 ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਬਟਾਲਾ ਦੇ ਪਿੰਡ ਚੀਮਾ ਖੁੱਡੀ ਵਿੱਚ ਜੁਗਰਾਜ ਸਿੰਘ ਉਰਫ਼ ਜੁੱਗਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਟਾਰਗਟ ਕਿਲਿੰਗ ਵਿਦੇਸ਼ ਵਿੱਚ ਬੈਠੇ ਗੈਂਗਸਟਰ ਜਸਵਿੰਦਰ ਸਿੰਘ ਉਰਫ਼ ਮਨੂ ਅਗਵਾਂ, ਮੁਹੰਮਦ ਯਾਸਿਨ ਅਖ਼ਤਰ ਉਰਫ਼ ਜੀਸ਼ਾਨ ਅਖ਼ਤਰ ਅਤੇ ਗੋਪੀ ਨਵਾਂਸ਼ਹਿਰੀਆ ਦੇ ਇਸ਼ਾਰੇ ’ਤੇ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਨਾਗਾਲੈਂਡ ਦੀ ਸੰਬੰਧਤ ਅਦਾਲਤ ਤੋਂ ਟ੍ਰਾਂਜਿਟ ਰਿਮਾਂਡ ਪ੍ਰਾਪਤ ਕਰਕੇ ਪੰਜਾਬ ਲਿਆਂਦਾ ਜਾ ਰਿਹਾ ਹੈ।
ਓਪਰੇਸ਼ਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (AGTF) ਪ੍ਰਮੋਦ ਬੈਨ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ’ਤੇ ਕਾਰਵਾਈ ਕਰਦਿਆਂ ਡੀਐਸਪੀ ਏਜੀਟੀਐਫ਼ ਰਾਜਨ ਪਰਮਿੰਦਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਬਟਾਲਾ ਪੁਲਿਸ, ਕੇਂਦਰੀ ਏਜੰਸੀਆਂ ਅਤੇ ਨਾਗਾਲੈਂਡ ਪੁਲਿਸ ਨਾਲ ਮਿਲ ਕੇ ਕੋਹੀਮਾ ਦੇ ਨਿਊ ਮਾਰਕਿਟ, ਮਿਡਲੈਂਡ ਕਾਲੋਨੀ ਵਿੱਚ ਸਥਿਤ ਹੋਟਲ ਬਰਾਡਵੇ ਤੋਂ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।

ਇਸ ਮਾਮਲੇ ਸਬੰਧੀ ਪਹਿਲਾਂ ਹੀ ਐਫਆਈਆਰ ਨੰਬਰ 165, ਤਾਰੀਖ 09.09.2025, ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 103, 61(2) ਅਤੇ 3(5) ਤੇ ਹਥਿਆਰ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਥਾਣਾ ਸ੍ਰੀ ਹਰਿਗੋਬਿੰਦਪੁਰ, ਬਟਾਲਾ ਵਿੱਚ ਦਰਜ ਕੀਤੀ ਜਾ ਚੁੱਕੀ ਹੈ।










