ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 20 ਸਤੰਬਰ
ਪੰਜਾਬ ਸਰਕਾਰ ਨੇ ਮਾਧੋਪੁਰ ਹੈਡ ਵਰਕਸ ਦੇ ਤਿੰਨ ਫਲੱਡ ਗੇਟ ਟੁੱਟਣ ਦੇ ਮਾਮਲੇ ਦੀ ਉਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਸਟੇਟ ਡੈਮ ਸੇਫਟੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਪੰਜ ਮੈਂਬਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ।
ਕਮੇਟੀ ਦੇ ਚੇਅਰਮੈਨ ਏ. ਕੇ. ਬਜਾਜ ਹੋਣਗੇ, ਜਦੋਂ ਕਿ ਪ੍ਰਦੀਪ ਕੁਮਾਰ ਗੁਪਤਾ, ਸੰਜੀਵ ਸੂਰੀ, ਐਨ. ਕੇ. ਜੈਨ ਅਤੇ ਵਿਆਸ ਦੇਵ ਮੈਂਬਰ ਹੋਣਗੇ। ਜਾਂਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਿੰਨ ਅਧਿਕਾਰੀ ਮੁਅੱਤਲ ਕੀਤੇ ਗਏ ਹਨ: ਐਕਸੀਅਨ ਨਿਤਿਨ ਸੂਦ, ਐਸ. ਡੀ. ਓ. ਅਰੁਣ ਕੁਮਾਰ ਅਤੇ ਜੇ. ਈ. ਸਚਿਨ ਠਾਕੁਰ।
ਸਮਝਣ ਯੋਗ ਹੈ ਕਿ 27 ਅਗਸਤ ਨੂੰ ਰਵੀ ਦਰਿਆ ਵਿੱਚ ਇੱਕਦਮ ਪਾਣੀ ਆਉਣ ਕਾਰਨ ਮਾਧੋਪੁਰ ਹੈਡ ਵਰਕਸ ਦੇ ਤਿੰਨ ਫਲੱਡ ਗੇਟ ਟੁੱਟ ਗਏ ਸਨ। ਇਸ ਦੌਰਾਨ ਇੱਕ ਮੁਲਾਜ਼ਮ ਪਾਣੀ ਵਿੱਚ ਰੁੜ੍ਹਣ ਦਾ ਵੀ ਮਾਮਲਾ ਸਾਹਮਣੇ ਆਇਆ ਸੀ।











